ਬੰਬੀਹਾ ਗਰੁੱਪ ਨੇ ਗੈਂਗਸਟਰ ਦਿਲੇਰ ਕੋਟੀਆ ਦਾ ਘਰ ਤੋੜਨ 'ਤੇ ਖੱਟਰ ਸਰਕਾਰ ਨੂੰ ਦਿੱਤੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਗੈਂਗਸਟਰ ਪੈਦਾ ਨਹੀਂ ਹੁੰਦੇ ਅਜਿਹੀਆਂ ਕਰਤੂਤਾਂ ਨਾਲ ਹੀ ਬਣਦੇ ਹਨ'

photo

 

ਕਰਨਾਲ: ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅਸੰਧ ਇਲਾਕੇ ਵਿੱਚ ਗੈਂਗਸਟਰ ਦਿਲੇਰ ਕੋਟੀਆ ਦੇ ਘਰ ਨੂੰ ਗੈਰ-ਕਾਨੂੰਨੀ ਕਹਿ ਕੇ ਢਾਹ ਦਿੱਤਾ ਗਿਆ। ਇਸ ਕਾਰਵਾਈ ਤੋਂ ਨਾਰਾਜ਼ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਲਿਖ ਕੇ ਹਰਿਆਣਾ ਸਰਕਾਰ, ਪੁਲਿਸ ਅਤੇ ਡੀਟੀਪੀ ਨੂੰ ਧਮਕੀ ਦਿੱਤੀ ਹੈ।
ਬੰਬੀਹਾ ਗੈਂਗ ਲਿਖ ਰਿਹਾ ਹੈ ਕਿ ਦਿਲੇਰ ਕੋਟੀਆ ਨਾਲ ਜੋ ਹੋਇਆ ਉਹ ਬਹੁਤ ਮਾੜਾ ਸੀ। ਦਿਲੇਰ ਕੋਟੀਆ ਦਾ ਘਰ ਢਾਹ ਦਿੱਤਾ ਗਿਆ। ਅਸੀਂ ਸਰਕਾਰ, ਪੁਲਿਸ ਅਤੇ ਡੀਟੀਪੀ ਨੂੰ ਚੇਤਾਵਨੀ ਦਿੰਦੇ ਹਾਂ ਕਿ ਤੁਸੀ ਕਰ ਲਿਆ, ਜੋ ਕਰਨਾ ਹੈ ਹੁਣ ਅਸੀ ਕਰਾਂਗੇ।  ਠੀਕ ਨਹੀਂ ਕੀਤਾ,ਹੁਣ ਅਸੀਂ ਦੱਸਾਂਗੇ ਕਿ ਕਿਵੇਂ ਕਿਸੇ ਦਾ ਘਰ ਤੋੜਦੇ ਹਾਂ।

ਬੰਬੀਹਾ ਗੈਂਗ ਨੇ ਲਿਖਿਆ ਕਿ ਅੱਜ ਤੋਂ 30 ਸਾਲ ਪਹਿਲਾਂ ਦਾ ਘਰ ਬਣਿਆ ਸੀ ਉਦੋਂ ਕਿਥੇ ਗੈਰ ਕਾਨੂੰਨੀ ਸੀ। ਗੈਂਗਸਟਰ ਪੈਦਾ ਨਹੀਂ ਹੁੰਦੇ ਅਜਿਹੀਆਂ ਕਰਤੂਤਾਂ ਨਾਲ ਹੀ ਬਣਦੇ ਹਨ। ਆਪ ਹੀ ਦੇਖੋ, ਹੁਣ ਬੰਦੇ ਨੂੰ ਕੀ ਕਰਨਾ ਚਾਹੀਦਾ ਹੈ? ਹੁਣ ਅਸੀਂ ਛੱਡਣਾ ਨਹੀਂ। ਦੇਖੋ ਪਰਿਵਾਰ ਦੇ ਜੀਆਂ ਦੀ ਹਾਲਤ...ਹੁਣ ਕੁਝ ਨਹੀਂ ਕਹਿਣਾ, ਉਡੀਕ ਕਰੋ ਅਤੇ ਦੇਖੋ।

ਇਸ ਸਬੰਧੀ ਜ਼ਿਲ੍ਹਾ ਟਾਊਨ ਪਲਾਨਰ ਆਰ.ਐਸ.ਬਾਠ ਅਤੇ ਸੀ.ਆਈ.ਏ.-2 ਦੇ ਇੰਚਾਰਜ ਮੋਹਨ ਲਾਲ ਦੀ ਹਾਜ਼ਰੀ ਵਿੱਚ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਸੰਦੌੜ-ਕਰਨਾਲ ਹਾਈਵੇਅ-709ਏ ਤੋਂ ਲਿੰਕ ਸੜਕ ’ਤੇ ਖੇਤਾਂ ਵਿੱਚ ਬਣੇ ਦਲੇਰ ਕੋਟੀਆ ਅਤੇ ਉਸ ਦੇ ਭਰਾ ਤੇਜੇਂਦਰ ਸਿੰਘ ਦੇ ਨਾਂ ’ਤੇ ਦਰਜ ਹੋਏ ਮਕਾਨ ਨੂੰ 2 ਜੇ.ਸੀ.ਬੀ.ਨਾਲ ਢਾਹ ਦਿੱਤਾ। ਦੱਸ ਦਈਏ ਕਿ ਦੋਵੇਂ ਭਰਾ ਵਿਦੇਸ਼ 'ਚ ਹਨ ਅਤੇ ਦੋਵਾਂ 'ਤੇ ਫਿਰੌਤੀ ਮੰਗਣ ਦੇ ਕਈ ਮਾਮਲੇ ਦਰਜ ਹਨ।

ਡੀਟੀਪੀ ਮੁਤਾਬਕ 15 ਦਿਨ ਪਹਿਲਾਂ ਨੋਟਿਸ ਦਿੱਤਾ ਗਿਆ ਸੀ, ਪਰ ਹੁਣ ਕਾਰਵਾਈ ਕੀਤੀ ਗਈ ਹੈ। ਸੀਆਈਏ-2 ਦੇ ਇੰਚਾਰਜ ਮੋਹਨ ਲਾਲ ਨੇ ਦੱਸਿਆ ਕਿ ਦਿਲੇਰ ਕੋਟੀਆ ਅਤੇ ਉਸ ਦੇ ਭਰਾ ਤੇਜੇਂਦਰ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਫਿਰੌਤੀ, ਕੁੱਟਮਾਰ ਆਦਿ ਦੇ 11 ਕੇਸ ਦਰਜ ਹਨ। ਅਪਰਾਧੀ ਵਿਦੇਸ਼ਾਂ ਵਿਚ ਬੈਠ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਘਰ ਵਿੱਚ ਅਪਰਾਧਿਕ ਗਤੀਵਿਧੀਆਂ ਦੀਆਂ ਰਿਪੋਰਟਾਂ ਵੀ ਸਨ।