ਅੰਬਾਲਾ STF ਵਲੋਂ ਗੈਂਗਸਟਰ ਮੁਕੇਸ਼ ਜਾਂਬਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਾਰ ਵਿਦੇਸ਼ੀ ਪਿਸਤੌਲ ਅਤੇ 10 ਜ਼ਿੰਦਾ ਕਾਰਤੂਸ ਹੋਏ ਬਰਾਮਦ 

Gangster Mukesh Jamba arrested by Ambala STF

ਬੱਬਰ ਖ਼ਾਲਸਾ, ਰਿੰਦਾ ਤੇ ਲਾਰੈਂਸ ਗੈਂਗ ਨਾਲ ਦੱਸੇ ਜਾ ਰਹੇ ਹਨ ਸਬੰਧ
ਕਰਨਾਲ :
ਸਪੈਸ਼ਲ ਟਾਸਕ ਫੋਰਸ ਅੰਬਾਲਾ ਦੀ ਟੀਮ ਨੇ ਲਾਰੈਂਸ ਬਿਸ਼ਨੋਈ ਗਰੋਹ ਦੇ ਇਕ ਇਨਾਮੀ ਬਦਮਾਸ਼ ਮੁਕੇਸ਼ ਜਾਂਬਾ ਨੂੰ ਇੱਥੇ ਸ਼ੂਗਰ ਮਿੱਲ ਨੇੜੇ ਮੇਰਠ ਰੋਡ ਤੋਂ ਮੁਕਾਬਲੇ ਮਗਰੋਂ ਚਾਰ ਵਿਦੇਸ਼ੀ ਪਿਸਤੌਲਾਂ ਅਤੇ 10 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਅੰਬਾਲਾ ਯੂਨਿਟ ਦੇ ਐੱਸਟੀਐੱਫ ਦੇ ਐੱਸਪ ਸੁਮਿਤ ਕੁਮਾਰ ਨੇ ਦੱਸਿਆ ਕਿ ਮੁਕੇਸ਼ ਜਾਂਬਾ ਨੂੰ ਹਥਿਆਰਾਂ ਦੀ ਖੇਪ ਮਿਲੀ ਸੀ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਸੁੱਟੇ ਗਏ ਸਨ।

ਇਸ ਬਾਰੇ ਜਾਣਕਾਰੀ ਦਿੰਦਿਆਂ  ਐੱਸਪ ਸੁਮਿਤ ਕੁਮਾਰ ਨੇ ਦੱਸਿਆ ਕਿ  ਐਸ.ਟੀ.ਐਫ਼. ਦੇ ਡੀ.ਐਸ.ਪੀ. ਅਮਨ ਕੁਮਾਰ ਅਤੇ ਐਸ.ਟੀ.ਐਫ. ਅੰਬਾਲਾ ਦੇ ਇੰਚਾਰਜ ਇੰਸਪੈਕਟਰ ਦੀਪਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਥਾਣਾ ਸਦਰ ਕਰਨਾਲ ਦੇ ਖੇਤਰ 'ਚ ਮੌਜੂਦ ਸੀ, ਤਾਂ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਕਿ ਲਾਰੈਂਸ ਗਰੋਹ ਦੇ ਅੰਕੁਸ਼ ਕਮਾਲਪੁਰ ਗਰੋਹ ਦਾ ਸਰਗਰਮ ਮੈਂਬਰ ਅਤੇ ਹਥਿਆਰਾਂ ਦਾ ਮੁੱਖ ਸਪਲਾਇਰ ਮੁਕੇਸ਼ ਪੁੱਤਰ ਅੰਮ੍ਰਿਤ ਲਾਲ ਵਾਸੀ ਪਿੰਡ ਜਾਂਭਾ ਥਾਣਾ ਨਿਗਦੂ ਜ਼ਿਲ੍ਹਾ ਕਰਨਾਲ ਪੰਜਾਬ ਵਿਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕੇ ਤੋਂ ਡਰੋਨ ਰਾਹੀਂ ਪਾਕਿਸਤਾਨ ਤੋਂ ਵੱਡੀ ਮਾਤਰਾ ਵਿਚ ਵਿਦੇਸ਼ੀ ਨਾਜਾਇਜ਼ ਹਥਿਆਰ ਲੈ ਕੇ ਆਇਆ ਹੈ।

ਮਿਲੀ ਸੂਚਨਾ ਦੇ ਆਧਾਰ 'ਤੇ ਟੀਮ ਨੇ ਮੌਕੇ 'ਤੇ ਛਾਪੇਮਾਰੀ ਕੀਤੀ ਅਤੇ ਮੁਕਾਬਲੇ ਤੋਂ ਬਾਅਦ ਮੁਕੇਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਕੇਸ਼ ਅਤੇ ਲਾਰੈਂਸ ਗੈਂਗ ਦੇ ਸਮਾਪਤ ਨਹਿਰ ਨੇ 2017-2018 ਵਿਚ ਇਕ ਕਤਲ ਦੀ ਵਰਦਾਤ ਨੂੰ ਅੰਜਾਮ ਦਿੱਤਾ ਸੀ। ਐੱਸਪ ਸੁਮਿਤ ਕੁਮਾਰ ਨੇ ਦੱਸਿਆ ਕਿ ਇਸ ਦੇ ਸਬੰਧ ਸਿਰਫ ਲਾਰੈਂਸ ਗੈਂਗ ਨਾਲ ਹੀ ਨਹੀਂ ਸਗੋਂ ਬੱਬਰ ਖ਼ਾਲਸਾ ਨਾਲ ਵੀ ਹਨ। ਮੁਕੇਸ਼ ਨੇ ਇਹ ਹਥਿਆਰ ਅੰਮ੍ਰਿਤਸਰ ਤੋਂ ਲਿਆਂਦੇ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਵਿਦੇਸ਼ ਭੱਜਣ ਦੀ ਫ਼ਿਰਾਕ ਵਿਚ ਸੀ। ਉਨ੍ਹਾਂ ਦੱਸਿਆ ਕਿ ਵਿਦੇਸ਼ ਭੱਜਣ ਤੋਂ ਪਹਿਲਾਂ ਹੀ ਐਸ.ਟੀ.ਐਫ. ਅੰਬਾਲਾ ਨੇ ਇਸ ਨੂੰ ਕਾਬੂ ਕਰ ਲਿਆ ਹੈ ਅਤੇ ਹੁਣ ਜਾਂਚ ਕੀਤੀ ਜਾਵੇਗੀ।