ਕੰਨੜ ਫਿਲਮ ਅਦਾਕਾਰ ਨੇ ਫ਼ੁਟਪਾਥ ’ਤੇ ਜਾ ਰਹੀ ਔਰਤ ਨੂੰ ਕਾਰ ਨਾਲ ਦਰੜਿਆ, ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਮ੍ਰਿਤਕ ਔਰਤ ਦਾ ਪਤੀ ਗੰਭੀਰ ਰੂਪ ਵਿਚ ਜ਼ਖਮੀ, ਅਦਾਕਾਰ ਗ੍ਰਿਫ਼ਤਾਰ

Nagabhushan SS, Accidented car and victim couple.

ਬੈਂਗਲੁਰੂ: ਕੰਨੜ ਫਿਲਮ ਅਦਾਕਾਰ ਨਾਗਭੂਸ਼ਣ ਐਸ.ਐਸ. ਵਲੋਂ ਕਥਿਤ ਤੌਰ ’ਤੇ ਚਲਾਈ ਜਾ ਰਹੀ ਇਕ ਤੇਜ਼ ਰਫਤਾਰ ਕਾਰ ਨੇ ਇਕ ਜੋੜੇ ਨੂੰ ਟੱਕਰ ਮਾਰ ਦਿਤੀ, ਜਿਸ ਕਾਰਨ ਇਕ 48 ਸਾਲਾਂ ਦੀ ਔਰਤ ਦੀ ਮੌਤ ਹੋ ਗਈ ਜਦਕਿ ਉਸ ਦਾ 58 ਸਾਲਾਂ ਦਾ ਪਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਅਦਾਕਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।

ਇਹ ਘਟਨਾ 30 ਸਤੰਬਰ ਦੀ ਰਾਤ ਨੂੰ ਬੰਗਲੁਰੂ ਦੇ ਵਸੰਤਪੁਰਾ ਮੇਨ ਰੋਡ ’ਤੇ ਵਾਪਰੀ। ਪੁਲਿਸ ਦੇ ਅਨੁਸਾਰ, ਪ੍ਰੇਮਾ ਐਸ (48) ਅਤੇ ਕ੍ਰਿਸ਼ਨਾ ਬੀ (58) ਫੁਟਪਾਥ ’ਤੇ ਪੈਦਲ ਜਾ ਰਹੇ ਸਨ ਜਦੋਂ ਉੱਤਰਾਹੱਲੀ ਤੋਂ ਕੋਨਾਨਕੁੰਟੇ ਵਲ ਜਾਂਦੇ ਸਮੇਂ ਮੁਲਜ਼ਮ ਦੀ ਕਾਰ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ ਅਤੇ ਬਾਅਦ ’ਚ ਬਿਜਲੀ ਦੇ ਖੰਭੇ ਨਾਲ ਟਕਰਾ ਗਈ।

ਪੁਲਿਸ ਨੇ ਕਿਹਾ ਕਿ ਮੁਲਜ਼ਮ ਕਾਰ ਨੂੰ ‘ਤੇਜ਼ੀ ਅਤੇ ਲਾਪਰਵਾਹੀ’ ਨਾਲ ਚਲਾ ਰਿਹਾ ਸੀ। ਗੰਭੀਰ ਰੂਪ ’ਚ ਜ਼ਖਮੀ ਪਤੀ-ਪਤਨੀ ਨੂੰ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਔਰਤ ਦੀ ਰਸਤੇ ’ਚ ਹੀ ਮੌਤ ਹੋ ਗਈ, ਜਦਕਿ ਉਸ ਦੇ ਪਤੀ ਦਾ ਇਲਾਜ ਚੱਲ ਰਿਹਾ ਹੈ।

ਇਹ ਹਾਦਸਾ ਕੁਮਾਰਸਵਾਮੀ ਟਰੈਫਿਕ ਪੁਲਿਸ ਹੱਦ ਅੰਦਰ ਅਧੀਨ ਹੋਇਆ। ਸੂਚਨਾ ਮਿਲਣ ’ਤੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਨਾਗਭੂਸ਼ਣ ਨੂੰ ਗ੍ਰਿਫਤਾਰ ਕਰ ਲਿਆ। ਅਦਾਕਾਰ ਨੇ ਕਈ ਫਿਲਮਾਂ ’ਚ ਕੰਮ ਕੀਤਾ ਹੈ, ਖਾਸ ਕਰ ਕੇ ਕਾਮੇਡੀ ਭੂਮਿਕਾਵਾਂ ਵਿਚ। ਪੁਲਿਸ ਨੇ ਦਸਿਆ ਕਿ ਮਾਮਲਾ ਦਰਜ ਕਰ ਕੇ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ।