ਤੁਰਕੀ ਦੀ ਸੰਸਦ ਨੇੜੇ ਆਤਮਘਾਤੀ ਹਮਲਾ, ਵੀਡੀਓ 

ਏਜੰਸੀ

ਖ਼ਬਰਾਂ, ਰਾਸ਼ਟਰੀ

ਤੁਰਕੀ ਵਿਚ ਇਹ ਹਮਲਾ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਹੋਇਆ ਹੈ।

Suicide attack near the Turkish parliament, video

ਤੁਰਕੀ  : ਤੁਰਕੀ ਦੀ ਸੰਸਦ ਨੇੜੇ ਆਤਮਘਾਤੀ ਹਮਲਾ ਹੋਣ ਦੀ ਖ਼ਬਰ ਹੈ। ਤੁਰਕੀ ਦੇ ਗ੍ਰਹਿ ਮੰਤਰਾਲੇ ਨੇ ਇਸ ਹਮਲੇ ਨੂੰ 'ਅਤਿਵਾਦੀ ਹਮਲਾ' ਦੱਸਿਆ ਹੈ। ਮੰਤਰਾਲੇ ਨੇ ਕਿਹਾ ਕਿ ਸੰਸਦ ਦੇ ਨੇੜੇ ਦੋ ਅਤਿਵਾਦੀ ਸਨ। ਇਨ੍ਹਾਂ ਵਿਚੋਂ ਇਕ ਨੂੰ ਸੁਰੱਖਿਆ ਬਲਾਂ ਨੇ ਬੇਅਸਰ ਕਰ ਦਿੱਤਾ ਅਤੇ ਦੂਜੇ ਨੇ ਸੰਭਾਵਤ ਤੌਰ 'ਤੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ।

ਤੁਰਕੀ ਵਿਚ ਇਹ ਹਮਲਾ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਹੋਇਆ ਹੈ। ਹਮਲੇ 'ਚ ਦੋ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਹਨ। ਸਥਾਨਕ ਮੀਡੀਆ ਮੁਤਾਬਕ ਬੰਬ ਨਿਰੋਧਕ ਟੀਮ ਮੌਕੇ 'ਤੇ ਪਹੁੰਚ ਗਈ ਹੈ। ਉਹ ਮੌਕੇ ਦੀ ਜਾਂਚ ਕਰ ਰਹੇ ਹਨ। ਬੰਬ ਨਿਰੋਧਕ ਦਸਤੇ ਵੱਲੋਂ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਸੰਸਦ ਨੇੜੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਆਵਾਜਾਈ ਵਿਚ ਵੀ ਵਿਘਨ ਪਿਆ ਹੈ। 

ਪੁਲਿਸ ਦੀ ਟੀਮ ਵੀ ਇਲਾਕੇ ਦੀ ਜਾਂਚ ਵਿਚ ਜੁਟੀ ਹੋਈ ਹੈ। ਮੌਕੇ 'ਤੇ ਮੈਡੀਕਲ ਟੀਮ ਵੀ ਭੇਜੀ ਗਈ ਹੈ। ਇਸ ਹਮਲੇ ਵਿਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।ਤੁਰਕੀ ਦੇ ਗ੍ਰਹਿ ਮੰਤਰੀ ਨੇ ਦੱਸਿਆ ਕਿ ਐਤਵਾਰ ਨੂੰ ਉਨ੍ਹਾਂ ਦੇ ਮੰਤਰਾਲੇ ਦੇ ਨੇੜੇ ਇੱਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਦੀ ਮਦਦ ਨਾਲ ਧਮਾਕਾ ਕੀਤਾ। ਦੂਜਾ ਹਮਲਾਵਰ ਪੁਲਿਸ ਨਾਲ ਹੋਈ ਗੋਲੀਬਾਰੀ ਵਿਚ ਮਾਰਿਆ ਗਿਆ।

ਮੰਤਰੀ ਅਲੀ ਯੇਰਲੀਕਾਯਾ ਨੇ ਕਿਹਾ ਕਿ ਤੁਰਕੀ ਦੀ ਰਾਜਧਾਨੀ ਅੰਕਾਰਾ ਵਿਚ ਹੋਏ ਹਮਲੇ ਦੌਰਾਨ ਦੋ ਪੁਲਿਸ ਅਧਿਕਾਰੀ ਮਾਮੂਲੀ ਜ਼ਖ਼ਮੀ ਹੋਏ ਹਨ। ਇਹ ਹਮਲਾ ਗਰਮੀਆਂ ਦੀ ਛੁੱਟੀ ਤੋਂ ਬਾਅਦ ਸੰਸਦ ਦੇ ਮੁੜ ਖੁੱਲ੍ਹਣ ਤੋਂ ਕੁਝ ਘੰਟੇ ਪਹਿਲਾਂ ਹੋਇਆ।