Jammu and Kashmir Election: ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਦਾ ਆਖ਼ਰੀ ਪੜਾਅ ਅੱਜ
Jammu and Kashmir Election: 20,000 ਤੋਂ ਵੱਧ ਪੋਲਿੰਗ ਸਟਾਫ਼ ਤਾਇਨਾਤ
Jammu and Kashmir Election: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ ਦੀ ਪੂਰਵ ਸੰਧਿਆ ’ਤੇ ਸੋਮਵਾਰ ਨੂੰ 7 ਜ਼ਿਲ੍ਹਿਆਂ ’ਚ 20,000 ਤੋਂ ਵੱਧ ਪੋਲਿੰਗ ਮੁਲਾਜ਼ਮ ਤਾਇਨਾਤ ਕੀਤੇ ਗਏ। ਅਧਿਕਾਰੀਆਂ ਨੇ ਦਸਿਆ ਕਿ ਇਸ ਪੜਾਅ ’ਚ ਦੋ ਸਾਬਕਾ ਉਪ ਮੁੱਖ ਮੰਤਰੀਆਂ ਤਾਰਾ ਚੰਦ ਅਤੇ ਮੁਜ਼ੱਫਰ ਬੇਗ ਸਮੇਤ 415 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ।
ਚੋਣਾਂ ਦੇ ਇਸ ਪੜਾਅ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿਚ ਪਛਮੀ ਪਾਕਿਸਤਾਨੀ ਸ਼ਰਨਾਰਥੀਆਂ, ਵਾਲਮੀਕਿ ਸਮਾਜ ਅਤੇ ਗੋਰਖਾ ਭਾਈਚਾਰੇ ਦੀ ਸ਼ਮੂਲੀਅਤ ਹੋਵੇਗੀ, ਜਿਨ੍ਹਾਂ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਹੀ ਵਿਧਾਨ ਸਭਾ, ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਚੋਣਾਂ ਵਿਚ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ।
ਇਸ ਮਹੱਤਵਪੂਰਨ ਪੜਾਅ ’ਚ 5,060 ਪੋਲਿੰਗ ਸਟੇਸ਼ਨਾਂ ’ਤੇ 39.18 ਲੱਖ ਤੋਂ ਵੱਧ ਵੋਟਰ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਹਨ। ਜੰਮੂ ਖੇਤਰ ਦੇ ਜੰਮੂ, ਊਧਮਪੁਰ, ਸਾਂਬਾ ਅਤੇ ਕਠੂਆ ਅਤੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ, ਬਾਂਦੀਪੋਰਾ ਅਤੇ ਕੁਪਵਾੜਾ ਜ਼ਿਲ੍ਹਿਆਂ ਦੀਆਂ 40 ਸੀਟਾਂ ’ਤੇ ਵੋਟਿੰਗ ਹੋਵੇਗੀ। ਵੋਟਾਂ 1 ਅਕਤੂਬਰ ਨੂੰ ਪੈਣਗੀਆਂ।