ਕੈਬਨਿਟ ਨੇ 57 ਨਵੇਂ ਕੇਂਦਰੀ ਵਿਦਿਆਲੇ ਖੋਲ੍ਹਣ ਨੂੰ ਦਿੱਤੀ ਪ੍ਰਵਾਨਗੀ
86,000 ਤੋਂ ਵੱਧ ਵਿਦਿਆਰਥੀਆਂ ਨੂੰ ਹੋਵੇਗਾ ਲਾਭ
ਨਵੀਂ ਦਿੱਲੀ: ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਬੁਧਵਾਰ ਨੂੰ 57 ਨਵੇਂ ਕੇਂਦਰੀ ਵਿਦਿਆਲਿਆ ਖੋਲ੍ਹਣ ਦੀ ਮਨਜ਼ੂਰੀ ਦੇ ਦਿਤੀ ਹੈ, ਜਿਸ ਨਾਲ 86,000 ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਹੋਵੇਗਾ। 57 ਨਵੇਂ ਕੇਂਦਰੀ ਵਿਦਿਆਲਿਆਂ ਵਿਚੋਂ ਸੱਤ ਕੇਂਦਰੀ ਗ੍ਰਹਿ ਮੰਤਰਾਲਾ ਅਤੇ ਬਾਕੀ ਸੂਬਾ ਸਰਕਾਰਾਂ ਵਲੋਂ ਸਪਾਂਸਰ ਕੀਤੇ ਜਾਣਗੇ। ਨਵੇਂ ਪ੍ਰਵਾਨਿਤ ਵੀਹ ਕੇਂਦਰੀ ਵਿਦਿਆਲਿਆਂ ਨੂੰ ਉਨ੍ਹਾਂ ਜ਼ਿਲ੍ਹਿਆਂ ਵਿਚ ਖੋਲ੍ਹਣ ਦੀ ਤਜਵੀਜ਼ ਹੈ ਜਿੱਥੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਇਕ ਵੱਡੀ ਗਿਣਤੀ ਦੇ ਬਾਵਜੂਦ ਇਸ ਵੇਲੇ ਕੋਈ ਕੇਂਦਰੀ ਵਿਦਿਆਲਿਆ ਮੌਜੂਦ ਨਹੀਂ ਹੈ।
ਵੈਸ਼ਣਵ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ 57 ਨਵੇਂ ਕੇਂਦਰੀ ਵਿਦਿਆਲਿਆਂ ਦੀ ਸਥਾਪਨਾ ਲਈ ਫੰਡਾਂ ਦੀ ਕੁਲ ਅਨੁਮਾਨਿਤ ਜ਼ਰੂਰਤ 5862.55 ਕਰੋੜ ਰੁਪਏ ਹੈ, ਜੋ 2026-27 ਤੋਂ ਨੌਂ ਸਾਲਾਂ ਦੀ ਮਿਆਦ ਵਿਚ ਫੈਲੀ ਹੋਈ ਹੈ। ਇਸ ਵਿਚ 2585.52 ਕਰੋੜ ਰੁਪਏ ਦਾ ਪੂੰਜੀਗਤ ਖਰਚਾ ਅਤੇ 3277.03 ਕਰੋੜ ਰੁਪਏ ਦਾ ਸੰਚਾਲਨ ਖਰਚਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਮਿਆਰੀ ਸਿੱਖਿਆ ਤੱਕ ਪਹੁੰਚ ਵਧਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਕਰਾਰ ਦਿਤਾ।