ਛਿੰਦਵਾੜਾ ’ਚ 6 ਬੱਚਿਆਂ ਦੀ ਹੋਈ ਮੌਤ ਦਾ ਖੁੱਲ੍ਹਿਆ ਭੇਤ
ਖੰਘ ਦੀ ਦਵਾਈ ਪੀਣ ਕਾਰਨ ਬੱਚਿਆਂ ਦੀ ਕਿਡਨੀ ਹੋਈ ਸੀ ਖਰਾਬ
ਛਿੰਦਵਾੜਾ : ਮੱਧਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ’ਚ ਬੱਚਿਆਂ ਦੀ ਹੋਈ ਰਹੱਸਮਈ ਮੌਤ ਦਾ ਭੇਦ ਖੁੱਲ੍ਹ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਿਡਨੀ ਖਰਾਬ ਹੋਣ ਕਾਰਨ 6 ਮਾਸੂਮ ਬੱਚਿਆਂ ਦੀ ਮੌਤ ਹੋ ਗਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਬੱਚਿਆਂ ਦੀ ਕਿਡਨੀ ਖਾਂਸੀ ਵਾਲੀ ਦਵਾਈ ਪੀਣ ਕਾਰਨ ਖਰਾਬ ਹੋਈ ਸੀ। ਸਿਰਪ ’ਚ ਡਾਇਥੀਲੀਨ ਗਲਾਯਕਾਲ ਨਾਮਕ ਕੈਮੀਕਲ ਦੀ ਗੜਬੜੀ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਜਿਸ ਦੇ ਚਲਦਿਆਂ ਕਲੈਕਟਰ ਸ਼ੀਲੇਂਦਰ ਸਿੰਘ ਨੇ ਜ਼ਿਲ੍ਹੇ ’ਚ ‘ਕੋਲਡ੍ਰਿਫ ਤੇ ਨੈਕਸਟ੍ਰਾਸ ਡੀਐਸ’ ਨਾਮੀ ਕਪ ਸਿਰਪ ਦੀ ਵਿਕਰੀ ’ਤੇ ਤੁਰੰਤ ਰੋਕ ਲਗਾ ਦਿੱਤੀ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ, ਡਾਕਟਰਾਂ ਅਤੇ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਚੌਕਸ ਰਹਿਣ ਦੇ ਹੁਕਮ ਦਿੱਤੇ ਹਨ।
ਜ਼ਿਕਰਯੋਗ ਹੈ ਕਿ 20 ਸਤੰਬਰ ਤੋਂ ਬਾਅਦ ਛਿੰਦਵਾੜਾ ਦੇ ਵੱਖ-ਵੱਖ ਇਲਾਕਿਆਂ ’ਚ ਕਈ ਬੱਚਿਆਂ ਨੂੰ ਸਰਦੀ-ਖਾਂਸੀ ਅਤੇ ਬੁਖਾਰ ਤੋਂ ਬਾਅਦ ਇਲਾਜ ਦੌਰਾਨ ‘ਕੋਲਡ੍ਰਿਫ’ ਨਾਮੀ ਕਫ ਸਿਰਪ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕੁੱਝ ਹੀ ਦਿਨਾਂ ’ਚ ਕਈ ਬੱਚਿਆਂ ਨੂੰ ਪੇਸ਼ਾਬ ਆਉਣਾ ਬੰਦ ਹੋ ਗਿਆ ਅਤੇ ਹਾਲਤ ਵਿੜਨ ’ਤੇ ਉਨ੍ਹਾਂ ਨੂੰ ਛਿੰਦਵਾੜਾ ਅਤੇ ਨਾਗਪੁਰ ਦੇ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ 6 ਬੱਚਿਆਂ ਦੀ ਮੌਤ ਹੋ ਗਈ।