‘‘ਸਿੱਖਾਂ ਦੇ ਕਾਲਜੇ ਨੂੰ ਨੋਚ-ਨੋਚ ਖਾਂਦੈ 1984 ਦਾ ਦਰਦ’’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖ਼ੌਫ਼ਨਾਕ ਮੰਜ਼ਰ ਯਾਦ ਕਰਦਿਆਂ ਅੱਜ ਵੀ ਕੰਬਦੀ ਰੂਹ

1984

ਨਵੀਂ ਦਿੱਲੀ- ਨਵੰਬਰ ਮਹੀਨਾ ਚੜ੍ਹਦਿਆਂ ਹੀ 1984 ਦਿੱਲੀ ਸਿੱਖ ਕਤਲੇਆਮ ਦਾ ਦਰਦ ਸਿੱਖਾਂ ਦੇ ਸੀਨੇ ਵਿਚ ਉਠਣਾ ਸ਼ੁਰੂ ਹੋ ਜਾਂਦਾ ਹੈ ਹੋਵੇ ਵੀ ਕਿਉਂ ਨਾ, ਇਹ ਉਹ ਵੇਲਾ ਸੀ ਜਦੋਂ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾਂ ਨੂੰ ਚੁਣ-ਚੁਣ ਕੇ ਮਾਰਿਆ ਗਿਆ ਸੀ। ਸਭ ਤੋਂ ਵੱਡੀ ਗੱਲ ਸਿੱਖਾਂ ਨੂੰ ਅੱਜ ਤਕ ਇਸ ਕਤਲੇਆਮ ਦਾ ਇਨਸਾਫ਼ ਵੀ ਨਹੀਂ ਦਿੱਤਾ ਗਿਆ। ਇਨਸਾਫ਼ ਲਈ ਅਦਾਲਤਾਂ ਦੇ ਚੱਕਰ ਕੱਟਦਿਆਂ ਸਿੱਖ ਪੀੜਤਾਂ ਦੇ ਪੈਰ ਘਸ ਗਏ। ਰੋਂਦਿਆਂ ਦੇ ਹੰਝੂ ਮੁੱਕ ਗਏ ਪਰ ਪੱਥਰ ਦਿਲ ਸਰਕਾਰਾਂ ਦਾ ਫਿਰ ਵੀ ਦਿਲ ਨਹੀਂ ਪਸੀਜਿਆ। ਸਿੱਖਾਂ ਦੇ ਕਾਤਲ ਸਾਢੇ 3 ਦਹਾਕਿਆਂ ਬਾਅਦ ਵੀ ਸ਼ਰ੍ਹੇਆਮ  ਘੁੰਮਦੇ ਫਿਰ ਰਹੇ ਹਨ। 

ਭਾਵੇਂ ਕਿ ਇਨ੍ਹਾਂ 35 ਵਰ੍ਹਿਆਂ ਦੌਰਾਨ ਦੰਗਾਕਾਰੀਆਂ ਵਿਰੁੱਧ ਅਨੇਕਾਂ ਠੋਸ ਸਬੂਤ ਸਾਹਮਣੇ ਆ ਚੁੱਕੇ ਹਨ ਪਰ ਉਚ ਸਿਆਸੀ ਸ਼ਹਿ ਦੇ ਚਲਦਿਆਂ ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਿਆ। ਲੱਖ ਕੋਸ਼ਿਸ਼ਾਂ ਦੇ ਮਗਰੋਂ ਥੋੜ੍ਹੇ ਬਹੁਤ ਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਸੱਜਣ ਕੁਮਾਰ ਦਾ ਨਾਂਅ ਵੀ ਸ਼ਾਮਲ ਹੈ। ਜਿਸ ਨੂੰ ਇਸੇ ਸਾਲ ਜਨਵਰੀ ਮਹੀਨੇ ਦੋਸ਼ੀ ਕਰਾਰ ਦਿੰਦੇ ਹੋਏ ਜੇਲ੍ਹ ਭੇਜਿਆ ਗਿਆ ਸੀ, ਜਦਕਿ ਦੂਜਾ ਮੁੱਖ ਦੋਸ਼ੀ ਜਗਦੀਸ਼ ਟਾਇਟਲ ਅਜੇ ਵੀ ਬਾਹਰ ਘੁੰਮ ਰਿਹਾ ਹੈ। 

ਯੂਪੀ ਦੇ ਸਾਬਕਾ ਡੀਜੀਪੀ ਸੁਲੱਖਣ ਸਿੰਘ ਨੇ ਵੀ ਪਿਛਲੇ ਸਾਲ 84 ਸਿੱਖ ਕਤਲੇਆਮ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਸੀ।1980 ਬੈਚ ਦੇ ਆਈਪੀਐਸ ਅਤੇ ਉਤਰ ਪ੍ਰਦੇਸ਼ ਦੇ ਡੀਜੀਪੀ ਰਹੇ ਸੁਲੱਖਣ ਸਿੰਘ ਨੇ ਅਪਣੀ ਇਕ ਫੇਸਬੁੱਕ ਪੋਸਟ ’ਤੇ ਲਿਖਿਆ ਸੀ ਕਿ ਇੰਦਰਾ ਗਾਂਧੀ ਦੇ ਹੱਤਿਆ ਦੇ ਦਿਨ 31 ਅਕਤੂਬਰ 1984 ਨੂੰ ਮੈਂ ਪੰਜਾਬ ਮੇਲ ਰਾਹੀਂ ਲਖਨਊ ਤੋਂ ਵਾਰਾਨਸੀ ਜਾ ਰਿਹਾ ਸੀ। ਜਦੋਂ ਟ੍ਰੇਨ ਅਮੇਠੀ ਸਟੇਸ਼ਨ ’ਤੇ ਖੜ੍ਹੀ ਸੀ, ਉਸੇ ਸਮੇਂ ਇਕ ਵਿਅਕਤੀ ਜੋ ਉਥੋਂ ਟ੍ਰੇਨ ਵਿਚ ਚੜ੍ਹਿਆ ਸੀ, ਨੇ ਦੱਸਿਆ ਕਿ ਇੰਦਰਾ ਗਾਂਧੀ ਨੂੰ ਗੋਲੀ ਮਾਰ ਦਿੱਤੀ ਗਈ। ਵਾਰਾਨਸੀ ਤਕ ਕਿਤੇ ਕੋਈ ਗੱਲ ਨਹੀਂ ਹੋਈ। ਵਾਰਾਨਸੀ ਵਿਚ ਵੀ ਅਗਲੇ ਦਿਨ ਸਵੇਰ ਤਕ ਕੁੱਝ ਨਹੀਂ ਹੋਇਆ।

ਉਸ ਤੋਂ ਬਾਅਦ ਯੋਜਨਾਬੱਧ ਤਰੀਕੇ ਨਾਲ ਹੱਤਿਆਵਾਂ ਕੀਤੀਆਂ ਗਈਆਂ। ਜੇਕਰ ਜਨਤਾ ਦੇ ਗੁੱਸੇ ਦਾ ਆਊਟਬਰੱਸਟ ਹੁੰਦਾ ਤਾਂ ਤੁਰੰਤ ਸ਼ੁਰੂ ਹੋ ਜਾਂਦਾ। ਬਕਾਇਦਾ ਯੋਜਨਾ ਬਣਾ ਕੇ ਨਸਲਕੁਸ਼ੀ ਸ਼ੁਰੂ ਕੀਤੀ ਗਈ। ਜਗਦੀਸ਼ ਟਾਇਟਲਰ, ਮਾਕਨ, ਸੱਜਣ ਕੁਮਾਰ ਮੁੱਖ ਅਪਰੇਟਰ ਸਨ। ਰਾਜੀਵ ਗਾਂਧੀ ਦੇ ਖ਼ਾਸ ਵਿਸਵਾਸ਼ਪਾਤਰ ਕਮਲਨਾਥ ਮਾਨੀਟਰਿੰਗ ਕਰ ਰਹੇ ਸਨ।

ਮਨੁੱਖੀ ਕਤਲੇਆਮ ਦੇ ਉਪਰ ਰਾਜੀਵ ਗਾਂਧੀ ਦਾ ਬਿਆਨ ਅਤੇ ਇਨ੍ਹਾਂ ਸਾਰਿਆਂ ਨੂੰ ਸ਼ਹਿ ਦੇ ਕੇ ਨਾਲ-ਨਾਲ ਚੰਗੇ ਅਹੁਦਿਆਂ ’ਤੇ ਤਾਇਨਾਤ ਕਰਨਾ, ਉਨ੍ਹਾਂ ਦੀ ਸ਼ਮੂਲੀਅਤ ਦੇ ਜਨ ਸਵੀਕਾਰਯੋਗ ਸਬੂਤ ਹਨ। ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਵੀ ਕਾਂਗਰਸ ਸਰਕਾਰਾਂ ਵੱਲੋਂ ਇਨ੍ਹਾਂ ਵਿਅਕਤੀਆਂ ਦਾ ਬਚਾਅ ਅਤੇ ਸਨਮਾਨਿਤ ਕਰਨਾ, ਇਨ੍ਹਾਂ ਸਾਰਿਆਂ ਦੀ ਸਹਿਮਤੀ ਨੂੰ ਦਰਸਾਉਂਦਾ ਹੈ।

ਸਾਬਕਾ ਡੀਜੀਪੀ ਦੀ ਫੇਸਬੁੱਕ ’ਤੇ ਲਿਖੀ ਇਸ ਪੋਸਟ ਤੋਂ ਬਾਅਦ ਸਿਆਸਤ ਕਾਫ਼ੀ ਗਰਮਾ ਗਈ ਸੀ ਅਤੇ ਕਾਂਗਰਸ ਨੇ ਭਾਜਪਾ ’ਤੇ ਸਿੱਖਾਂ ਦੀਆਂ ਵੋਟਾਂ ਲੈਣ ਲਈ ਇਹ ਸਭ ਕੁੱਝ ਕਰਨ ਦਾ ਦੋਸ਼ ਲਗਾਇਆ ਸੀ। ਨਵੰਬਰ 84 ਦੌਰਾਨ ਜੋ ਕੁੱਝ ਸਿੱਖਾਂ ਨਾਲ ਹੋਇਆ ਉਹ ਕੋਈ ਦੰਗਾ ਨਹੀਂ ਸੀ ਬਲਕਿ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਇਕ ਸਾਜਿਸ਼ ਸੀ। ਜਿਸ ਨੂੰ ਪੂਰਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਦੰਗਾਕਾਰੀਆਂ ਦੀ ਭੜਕੀ ਭੀੜ ਨੇ ਸਿੱਖਾਂ ਨੂੰ ਲੱਭ-ਲੱਭ ਕੇ ਖ਼ਤਮ ਕੀਤਾ। ਗਲਾਂ ਵਿਚ ਟਾਇਰ ਪਾ ਕੇ ਜਿੰਦਾ ਸਾੜ ਦਿੱਤਾ ਗਿਆ। ਜ਼ਾਲਮ ਦੰਗਾਕਾਰੀਆਂ ਨੇ ਬੱਚਿਆਂ ਤਕ ਨੂੰ ਵੀ ਨਹੀਂ ਬਖ਼ਸ਼ਿਆ।

1 ਨਵੰਬਰ ਸ਼ਾਮ ਤਕ ਦਿੱਲੀ ਧੂੰਆਂਧਾਰ ਹੋ ਗਈ ਸੀ। ਸਿੱਖਾਂ ਦੇ ਘਰ ਅਤੇ ਕਾਰੋਬਾਰ ਸਾੜ ਦਿੱਤੇ ਗਏ। ਚਾਰੇ ਪਾਸੇ ਅੱਗ ਵਿਚ ਸਾੜੀਆਂ ਗਈਆਂ ਲਾਸ਼ਾਂ ਦੀ ਸੜਨ ਦੀ ਬਦਬੂ ਆ ਰਹੀ ਸੀ। ਨਾ ਕੋਈ ਪੁਲਿਸ ਅਤੇ ਨਾ ਹੀ ਫ਼ੌਜ ਸਿੱਖਾਂ ਦੀ ਮਦਦ ਲਈ ਕੋਈ ਨਹੀਂ ਬਹੁੜਿਆ। ਜਦੋਂ ਤਕ ਫ਼ੌਜ ਆਈ ਉਦੋਂ ਤਕ ਜ਼ਾਲਮ ਦੰਗਾਕਾਰੀਆਂ ਨੇ ਸਿੱਖਾਂ ਦੀਆਂ ਲਾਸ਼ਾਂ ਦੇ ਅੰਬਾਰ ਲਗਾ ਦਿੱਤੇ ਸਨ। 

ਇਹ ਮੰਜ਼ਰ ਕਿੰਨਾ ਖ਼ੌਫ਼ਨਾਕ ਸੀ ਇਹ ਤਾਂ ਉਹੀ ਜਾਣਦੇ ਨੇ, ਜਿਨ੍ਹਾਂ ਨਾਲ ਇਹ ਭਾਣਾ ਵਰਤਿਆ। 84 ਸਿੱਖ ਪੀੜਤਾਂ ਦੀ ਉਸ ਖੌਫ਼ਨਾਕ ਵਰਤਾਰੇ ਨੂੰ ਯਾਦ ਕਰਕੇ ਅੱਜ ਵੀ ਰੂਹ ਕੰਬ ਜਾਂਦੀ ਹੈ। 35 ਸਾਲ ਮਗਰੋਂ ਵੀ ਸਿੱਖਾਂ ਨੂੰ ਇਨਸਾਫ਼ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਉਂਝ ਦੇਰੀ ਨਾਲ ਮਿਲਿਆ ਇਨਸਾਫ਼ ਨਾ ਮਿਲਣ ਦੇ ਬਰਾਬਰ ਹੀ ਮੰਨਿਆ ਜਾਂਦਾ ਹੈ ਪਰ 84 ਪੀੜਤ ਸਿੱਖ ਅਜੇ ਵੀ ਜ਼ਾਲਮ ਸਰਕਾਰਾਂ ਪਾਸੋਂ ਇਨਸਾਫ਼ ਦੀ ਉਮੀਦ ਲਗਾਈ ਬੈਠੇ ਹਨ। ਕਈ ਤਾਂ ਇਸੇ ਇਨਸਾਫ਼ ਦੀ ਆਸ ਵਿਚ ਇਸ ਦੁਨੀਆ ਤੋਂ ਕੂਚ ਗਏ। ਹੁਣ ਤਾਂ ਇਹ ਉਮੀਦ ਵੀ ਖ਼ਤਮ ਹੁੰਦੀ ਜਾ ਰਹੀ ਹੈ ਕਿ ਸਿੱਖਾਂ ਨੂੰ ਇਨਸਾਫ਼ ਮਿਲੇਗਾ ਜਾਂ ਨਹੀਂ?