ਸਾਡੀ ਸਰਕਾਰ ਨੇ ਪਹੁੰਚਾਇਆ ਬਿਨ੍ਹਾਂ ਭੇਦਭਾਵ ਸਭ ਨੂੰ ਲਾਭ - ਨਰਿੰਦਰ ਮੋਦੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਵਾਮਾ ਹਮਲੇ ਦਾ ਜ਼ਿਕਰ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਹੁਣ ਸੱਚ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਦੇ ਚਿਹਰੇ ਤੋਂ ਮਖੌਟਾ ਉਤਰ ਗਿਆ ਹੈ।

Narendra Modi

ਪਟਨਾ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਇਕ ਵਾਰ ਫਿਰ ਬਿਹਾਰ ਦਾ ਦੌਰਾ ਕਰ ਰਹੇ ਹਨ। ਬਿਹਾਰ ਵਿਚ ਦੂਸਰੇ ਪੜਾਅ ਦੀਆਂ ਚੋਣਾਂ (ਬਿਹਾਰ ਚੋਣ 2020) ਲਈ ਵੋਟਿੰਗ 3 ਨਵੰਬਰ ਨੂੰ ਹੈ, ਜਿਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਐਤਵਾਰ ਨੂੰ ਬਿਹਾਰ ਵਿਚ ਵੱਖ-ਵੱਖ ਥਾਵਾਂ ‘ਤੇ ਚਾਰ ਜਨਤਕ ਸਭਾਵਾਂ ਨੂੰ ਸੰਬੋਧਿਤ ਕਰਨਗੇ। 

ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਮੁਹਿੰਮ ਰੁਕਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਜਿਨ੍ਹਾਂ ਥਾਵਾਂ 'ਤੇ ਚੋਣ ਰੈਲੀਆਂ ਨੂੰ ਸੰਬੋਧਿਤ ਕਰਨਾ ਹੈ ਉਸ ਵਿਚ ਛਪਰਾ ਅਤੇ ਸਮਸਤੀਪੁਰ ਤੋਂ ਇਲਾਵਾ ਪੂਰਬੀ ਚੰਪਾਰਨ ਅਤੇ ਬਾਗਾਹਾ ਵੀ ਸ਼ਾਮਲ ਹਨ। 

ਪੀਐੱਮ ਮੋਦੀ ਨੇ ਛਪਰਾ ਰੈਲੀ ਵਿਚ ਸ਼ਾਮਲ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸੇ ਵੀ ਮਾਂ ਨੂੰ ਛਠ ਪੂਜਾ ਦੀ ਚਿੰਤਾ ਨਹੀਂ ਕਰਨੀ ਚਾਹੀਦੀ, ਹਰ ਮਾਂ ਪੂਜਾ ਦੀ ਤਿਆਰੀ ਕਰੇ ਕਿਉਂਕਿ ਦਿੱਲੀ ਵਿਚ ਉਸ ਦਾ ਬੇਟਾ ਬੈਠਾ ਹੈ। ਮੌਦੀ ਨੇ ਕਿਹਾ ਕਿ ਅਸੀਂ ਰਾਸ਼ਨ ਅਤੇ ਵਿੱਤੀ ਮਦਦ ਬਾਰੇ ਚਿੰਤਤ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਸਟੇਜ ਤੋਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ। 

ਪੁਲਵਾਮਾ ਹਮਲੇ ਦਾ ਜ਼ਿਕਰ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਹੁਣ ਸੱਚ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਦੇ ਚਿਹਰੇ ਤੋਂ ਮਖੌਟਾ ਉਤਰ ਗਿਆ ਹੈ। ਪਾਕਿਸਤਾਨ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਦੇ ਸਵੀਕਾਰ ਕਰਨ ਤੋਂ ਬਾਅਦ ਉਸ ਦੀ ਸਥਿਤੀ ਦੇਖਣ ਲਾਇਕ ਹੋ ਗਈ ਹੈ। ਇਨ੍ਹਾਂ ਲੋਕਾਂ ਨੇ ਹਮੇਸ਼ਾਂ ਸਾਡੇ ਬਹਾਦਰ ਸੈਨਿਕਾਂ ਅਤੇ ਉਹਨਾਂ ਦੀਆਂ ਕੁਰਬਾਨੀਆਂ ਦਾ ਅਪਮਾਨ ਕੀਤਾ ਹੈ। ਜਿੰਨਾ ਤੁਸੀਂ ਉਨ੍ਹਾਂ ਤੋਂ ਦੂਰ ਰਹੋਗੇ ਉਨਾ ਹੀ ਚੰਗਾਹੈ। ਹੁਣ ਤੁਹਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣ ਗਈ ਹੈ ਕਿ ਉਹ ਬਿਹਾਰ ਨੂੰ ਦੁਬਾਰਾ ਬਿਮਾਰ ਹੋਣ ਤੋਂ ਬਚਾਉਣ। ਇਕ ਵਾਰ ਫਿਰ ਨਿਤੀਸ਼ ਕੁਮਾਰ ਦੀ ਸਰਕਾਰ ਬਣਾਓ। 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਤੁਹਾਡੀ ਹਰ ਸਮੱਸਿਆ ਨੂੰ ਸਮਝ ਕੇ ਕੰਮ ਕਰ ਰਹੀ ਹੈ। ਅਸੀਂ ਹਿੰਦੀ ਵਿਚ ਕਈ ਵਿਸ਼ਿਆਂ ਦਾ ਅਧਿਐਨ ਕਰਨ ਦਾ ਸੰਕਲਪ ਲਿਆ ਹੈ। ਨਵੀਂ ਸਿੱਖਿਆ ਨੀਤੀ ਵਿਚ ਸਥਾਨਕ ਭਾਸ਼ਾ ਨੂੰ ਪਹਿਲ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਗਰੀਬ ਅਤੇ ਪੱਛੜੇ ਲੋਕਾਂ ਦਾ ਵਿਕਾਸ ਸਾਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਨੂੰ ਲਾਭ ਪਹੁੰਚਾਉਣ ਲਈ ਕੰਮ ਕੀਤਾ ਹੈ।