'ਬੁੰਦੇਲੀ ਸਮਾਜ ਸੰਗਠਨ' ਨੇ ਲਿਖੀ ਖੂਨ ਨਾਲ ਪੀਐੱਮ ਮੋਦੀ ਨੂੰ ਚਿੱਠੀ, ਪੜ੍ਹੋ ਕਾਰਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੁੰਦੇਲੀ ਵਰਕਰਾਂ ਨੇ ਐਤਵਾਰ ਨੂੰ 'ਇਕ ਨਵੰਬਰ-ਕਾਲਾ ਦਿਵਸ' ਦਾ ਆਯੋਜਨ ਕੀਤਾ।

The Bundeli Samaj wrote a letter in Blood

ਨਵੀਂ ਦਿੱਲੀ - ਬੁੰਦੇਲਖੰਡ ਨੂੰ ਵੱਖਰਾ ਸੂਬਾ ਬਣਾਉਣ ਦੀ ਮੰਗ ਕਰ ਰਹੇ ਸਮਾਜਿਕ ਵਰਕਰਾਂ ਨੇ ਐਤਵਾਰ ਯਾਨੀ ਕਿ ਅੱਜ ਇਸ ਸਿਲਸਿਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਖੂਨ ਨਾਲ ਚਿੱਠੀ ਲਿਖੀ। ਵੱਖਰੇ ਬੁੰਦੇਲਖੰਡ ਸੂਬੇ ਦੀ ਮੰਗ ਨੂੰ ਲੈ ਕੇ 635 ਦਿਨ ਤੱਕ ਭੁੱਖ ਹੜਤਾਲ ਕਰਨ ਵਾਲੇ 'ਬੁੰਦੇਲੀ ਸਮਾਜ ਸੰਗਠਨ' ਦੇ ਕਰਨੀਵਰ ਤਾਰਾ ਪਾਟਕਰ ਦੀ ਅਗਵਾਈ ਵਿਚ ਮਹੋਬਾ ਸ਼ਹਿਰ ਦੇ ਆਲਹਾ ਚੌਕ ਵਿਚ ਬੁੰਦੇਲੀ ਵਰਕਰਾਂ ਨੇ ਐਤਵਾਰ ਨੂੰ 'ਇਕ ਨਵੰਬਰ-ਕਾਲਾ ਦਿਵਸ' ਦਾ ਆਯੋਜਨ ਕੀਤਾ।

ਇਸ ਦੌਰਾਨ ਸਾਰੇ ਲੋਕਾਂ ਨੇ ਕਾਲੇ ਕੱਪੜੇ ਪਹਿਨੇ ਅਤੇ ਮੂੰਹ 'ਤੇ ਕਾਲਾ ਮਾਸਕ ਵੀ ਲਾਇਆ। ਪਾਟਕਰ ਨੇ ਦੱਸਿਆ ਕਿ ਬੁੰਦੇਲੀ ਬਾਸ਼ਿੰਦੇ ਬੁੰਦੇਲਖੰਡ ਨੂੰ ਵੱਖਰੇ ਸੂਬੇ ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਆਪਣੇ ਖੂਨ ਨਾਲ ਇਹ 10ਵੀਂ ਵਾਰ ਚਿੱਠੀ ਲਿਖ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 1956 ਨੂੰ ਜਦੋਂ ਮੱਧ ਪ੍ਰਦੇਸ਼ ਸੂਬੇ ਦਾ ਗਠਨ ਹੋਇਆ ਸੀ ਤਾਂ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਨੂੰ ਵੰਡ ਕੇ ਭਾਰਤ ਦੇ ਨਕਸ਼ੇ 'ਚੋਂ ਬੁੰਦੇਲਖੰਡ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਗਿਆ ਸੀ, ਉਦੋਂ ਤੋਂ ਬੁੰਦੇਲਖੰਡ ਇਨ੍ਹਾਂ ਦੋਹਾਂ ਸੂਬਿਆਂ ਵਿਚਾਲੇ ਪਿਸ ਰਿਹਾ ਹੈ।

ਪਾਟਕਰ ਨੇ ਕਿਹਾ ਕਿ 10ਵੀਂ ਵਾਰ ਖੂਨ ਨਾਲ ਚਿੱਠੀ ਲਿਖ ਕੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਉਮੀਦਵਾਰ ਉਮਾ ਭਾਰਤੀ ਵਲੋਂ ਕੀਤਾ ਗਿਆ ਉਹ ਵਾਅਦਾ ਯਾਦ ਦਿਵਾਇਆ ਹੈ, ਜਿਸ ਵਿਚ ਉਮਾ ਭਾਰਤੀ ਨੇ ਝਾਂਸੀ ਸੀਟ ਤੋਂ ਚੋਣ ਲੜਦੇ ਸਮੇਂ ਕਿਹਾ ਸੀ ਕਿ ਜੇਕਰ ਕੇਂਦਰ 'ਚ ਭਾਜਪਾ ਦੀ ਸਰਕਾਰ ਬਣੀ ਤਾਂ ਬੁੰਦੇਲਖੰਡ ਨੂੰ ਵੱਖਰਾ ਸੂਬਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਬੁੰਦੇਲਖੰਡ ਨੂੰ ਵੱਖਰਾ ਸੂਬਾ ਨਹੀਂ ਐਲਾਨ ਕੀਤਾ ਗਿਆ ਤਾਂ ਇੱਥੋਂ ਦੀ ਭਾਸ਼ਾ, ਸੱਭਿਆਚਾਰ ਅਤੇ ਇਤਿਹਾਸਕ ਵਿਰਾਸਤ ਨੂੰ ਬਚਾਅ ਸਕਣਾ ਮੁਸ਼ਕਲ ਹੋਵੇਗਾ।