ਦਿੱਲੀ 'ਚ 302 'ਤੇ AQI : ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਪਹੁੰਚੀ ਬਹੁਤ ਖ਼ਰਾਬ ਸ਼੍ਰੇਣੀ 'ਚ
ਹਵਾ ਦੀ ਦਿਸ਼ਾ ਵਿਚ ਤਬਦੀਲੀ ਕਾਰਨ ਆਉਣ ਵਾਲੇ ਦਿਨਾਂ ਵਿਚ ਸੁਧਾਰ ਹੋਣ ਦੀ ਉਮੀਦ ਹੈ
ਨਵੀਂ ਦਿੱਲੀ : ਦੀਵਾਲੀ ਤੋਂ ਪਹਿਲਾਂ ਦਿੱਲੀ ਵਿਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਸ਼੍ਰੇਣੀ ਵਿਚ ਪਹੁੰਚ ਗਈ ਹੈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (SAFAR) ਨੇ 302 ਏਅਰ ਕੁਆਲਿਟੀ ਇੰਡੈਕਸ (AQI) ਦਰਜ ਕੀਤਾ। ਹਾਲਾਂਕਿ, ਏਜੰਸੀ ਨੇ ਭਵਿੱਖਬਾਣੀ ਕੀਤੀ ਹੈ ਕਿ ਹਵਾ ਦੀ ਦਿਸ਼ਾ ਅਤੇ ਬਾਰਸ਼ ਵਿਚ ਤਬਦੀਲੀ ਨਾਲ ਹਵਾ ਦੀ ਗੁਣਵੱਤਾ ਵਿਚ ਸੁਧਾਰ ਹੋਵੇਗਾ। ਅਜਿਹਾ ਇਸ ਲਈ ਹੈ ਕਿਉਂਕਿ ਹਵਾ ਦੀ ਦਿਸ਼ਾ ਬਦਲਣ ਨਾਲ ਪਰਾਲੀ ਦੇ ਕਾਰਨ ਹੋਣ ਵਾਲੇ ਪ੍ਰਦੂਸ਼ਣ ਵਿਚ ਕਮੀ ਆਵੇਗੀ।
ਜ਼ੀਰੋ ਤੋਂ 50 ਦੇ ਵਿਚਕਾਰ AQI ਨੂੰ 'ਚੰਗਾ', 51 ਤੋਂ 100 'ਤਸੱਲੀਬਖਸ਼', 101 ਤੋਂ 200 'ਮੱਧਮ', 201 ਤੋਂ 300 'ਮਾੜਾ', 301 ਤੋਂ 400 'ਬਹੁਤ ਮਾੜਾ' ਅਤੇ 401 ਤੋਂ 500 ਦੇ ਵਿਚਕਾਰ 'ਗੰਭੀਰ' ਮੰਨਿਆ ਜਾਂਦਾ ਹੈ।
AQI ਦੇ ਅੰਕੜਿਆਂ ਅਨੁਸਾਰ, ਆਨੰਦ ਵਿਹਾਰ ਵਿਚ 374 ਅਤੇ ਜਹਾਂਗੀਰਪੁਰੀ ਵਿਚ 394, ਰੋਹਿਣੀ ਵਿਚ 305 ਅਤੇ ਮੁੰਡਕਾ ਵਿਚ 309 ਦਰਜ ਕੀਤੇ ਗਏ। ਇਸ ਦੇ ਨਾਲ ਹੀ, ਪੁਰਾਣੀ ਦਿੱਲੀ ਦੇ ਮਸ਼ਹੂਰ ਬਾਜ਼ਾਰ ਚਾਂਦਨੀ ਚੌਕ ਵਿਚ AQI 322 'ਤੇ ਰਿਹਾ। ਬਵਾਨਾ, ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (ਟਰਮੀਨਲ 3), ਆਈਟੀਓ ਅਤੇ ਲੋਧੀ ਰੋਡ 'ਤੇ ਪ੍ਰਦੂਸ਼ਣ ਨਿਗਰਾਨੀ ਸਟੇਸ਼ਨਾਂ ਨੇ 299, 220, 273 ਅਤੇ 242 ਦੇ AQI ਦਰਜ ਕੀਤੇ।
SAFAR ਨੇ ਆਪਣੀ ਹੈਲਥ ਐਡਵਾਈਜ਼ਰੀ 'ਚ ਕਿਹਾ ਹੈ ਕਿ ਜੋ ਲੋਕ ਬਹੁਤ ਸੰਵੇਦਨਸ਼ੀਲ ਅਤੇ ਪ੍ਰਦੂਸ਼ਣ ਪ੍ਰਤੀ ਐਲਰਜੀ ਵਾਲੇ ਹਨ, ਉਨ੍ਹਾਂ ਨੂੰ ਫਿਲਹਾਲ ਘਰ 'ਚ ਹੀ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦਮੇ ਦੇ ਮਰੀਜ਼ਾਂ ਨੂੰ ਆਪਣੇ ਨਾਲ ਦਵਾਈ ਲੈ ਕੇ ਜਾਣੀ ਚਾਹੀਦੀ ਹੈ। ਪਿਛਲੇ ਚਾਰ ਸਾਲਾਂ ਵਿਚ ਇਹ ਪਹਿਲੀ ਵਾਰ ਹੈ ਕਿ ਅਕਤੂਬਰ ਵਿਚ ਇੱਕ ਦਿਨ ਵੀ ਦਿੱਲੀ ਵਿਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਜਾਂ ਗੰਭੀਰ ਸ਼੍ਰੇਣੀ ਵਿਚ ਨਹੀਂ ਰਹੀ।