ਮੋਰਬੀ ਹਾਦਸੇ 'ਚ ਬੇਟੇ ਦੇ ਡਰ ਨੇ ਬਚਾਈ ਜਾਨ: 9 ਸਾਲਾ ਬੱਚਾ ਨਾ ਰੋਇਆ ਹੁੰਦਾ ਤਾਂ ਪੂਰਾ ਪਰਿਵਾਰ ਮੱਛੂ ਨਦੀ 'ਚ ਡੁੱਬ ਜਾਂਦਾ
ਇਸ ਸੈਲਫੀ ਨੂੰ ਅਸੀਂ ਸਾਰੀ ਉਮਰ ਨਹੀਂ ਭੁੱਲ ਸਕਾਂਗੇ, ਜਿਸ 'ਚ ਛੋਟਾ ਬੇਟਾ ਰੋਂਦਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਅਸੀਂ ਅੱਜ ਜ਼ਿੰਦਾ ਹਾਂ।
ਮੋਰਬੀ: ਗੁਜਰਾਤ ਦੇ ਮੋਰਬੀ ਵਿੱਚ ਐਤਵਾਰ ਸ਼ਾਮ ਨੂੰ ਪੁਲ ਦੇ ਡਿੱਗਣ ਨਾਲ 134 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਲੋਕ ਅਜੇ ਵੀ ਲਾਪਤਾ ਹਨ। ਇਸ ਹਾਦਸੇ ਵਿੱਚ ਕਈ ਪਰਿਵਾਰ ਤਬਾਹ ਹੋ ਗਏ। ਜਦਕਿ ਕੁਝ ਪਰਿਵਾਰ ਖੁਸ਼ਕਿਸਮਤ ਵੀ ਸਨ, ਜੋ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਪੁਲ ਤੋਂ ਉਤਰ ਗਏ, ਜਿਸ ਨਾਲ ਉਨ੍ਹਾਂ ਦੀ ਜਾਨ ਬਚ ਗਈ। ਇਨ੍ਹਾਂ ਵਿੱਚ ਅਮਰੇਲੀ ਦੇ ਰਹਿਣ ਵਾਲੇ ਸਾਗਰ ਮਹਿਤਾ ਦਾ ਇੱਕ ਪਰਿਵਾਰ ਵੀ ਹੈ, ਜੋ ਆਪਣੇ ਬੇਟੇ ਦੇ ਰੋਣ ਕਾਰਨ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਪੁਲ ਤੋਂ ਹੇਠਾਂ ਉਤਰ ਗਿਆ ਸੀ।
ਮੋਰਬੀ ਹਾਦਸੇ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਅਸੀਂ ਝੂਲਾ ਪੁਲ 'ਤੇ ਪਹੁੰਚ ਗਏ ਸੀ। ਅਸੀਂ ਸਾਰੇ ਮਸਤੀ ਕਰ ਰਹੇ ਸੀ ਪਰ ਪੁਲ ਦੇ ਹਿੱਲਣ ਕਾਰਨ ਮੇਰਾ ਛੋਟਾ ਬੇਟਾ ਨੇਤਰ ਡਰ ਗਿਆ ਅਤੇ ਰੋਣ ਲੱਗ ਪਿਆ। ਇਸ ਦੌਰਾਨ ਅਸੀਂ ਸੈਲਫੀਆਂ ਵੀ ਲਈਆਂ। ਜਦੋਂ ਪੁੱਤਰ ਦਾ ਰੋਣਾ ਨਾ ਰੁਕਿਆ ਤਾਂ ਅਸੀਂ ਹੇਠਾਂ ਉਤਰ ਕੇ ਕਿਸੇ ਹੋਰ ਥਾਂ ਚਲੇ ਗਏ।
ਅਜੇ 10 ਮਿੰਟ ਹੀ ਹੋਏ ਹੋਣਗੇ ਕਿ ਸਾਨੂੰ ਪੁਲ ਡਿੱਗਣ ਦੀ ਖ਼ਬਰ ਮਿਲੀ। ਜਦੋਂ ਅਸੀਂ ਸੁਣਿਆ ਕਿ ਪੁਲ 'ਤੇ ਸਾਰੇ ਲੋਕ ਮੱਛੂ ਨਦੀ 'ਚ ਡਿੱਗ ਗਏ ਹਨ ਤਾਂ ਸਾਡੇ ਸਾਰਿਆਂ ਦੇ ਰੌਂਗਟੇ ਖੜ੍ਹੇ ਹੋ ਗਏ, ਕਿਉਂਕਿ ਅਸੀ ਖੁਦ ਹੀ ਦੇਖਿਆ ਸੀ ਕਿ ਉਸ ਸਮੇਂ ਪੁਲ ਉੱਤੇ ਕਿੰਨੀ ਜ਼ਿਆਦਾ ਭੀੜ ਸੀ।
ਸਾਗਰ ਭਾਈ ਨੇ ਅੱਗੇ ਦੱਸਿਆ, 'ਐਤਵਾਰ ਦੀ ਛੁੱਟੀ ਹੋਣ ਕਾਰਨ ਮੈਂ ਆਪਣੀ ਪਤਨੀ ਅਤੇ ਦੋਵੇਂ ਪੁੱਤਰਾਂ ਨਾਲ ਮੋਰਬੀ ਰਹਿੰਦੇ ਰਿਸ਼ਤੇਦਾਰ ਦੇ ਘਰ ਗਿਆ ਸੀ। ਫਿਰ ਸਾਡੀ ਯੋਜਨਾ ਪੁਲ 'ਤੇ ਘੁੰਮਣ ਦੀ ਬਣੀ। ਦੋ ਰਿਸ਼ਤੇਦਾਰ ਵੀ ਸਨ। ਹਾਦਸੇ ਤੋਂ 5 ਮਿੰਟ ਬਾਅਦ ਹੀ ਸਾਨੂੰ ਰਿਸ਼ਤੇਦਾਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਤੋਂ ਹੀ ਪੁਲ ਡਿੱਗਣ ਦੀ ਸੂਚਨਾ ਮਿਲੀ ਸੀ। ਇਹ ਹਾਦਸਾ ਪੁਲ ਤੋਂ ਉਤਰਨ ਦੇ ਕਰੀਬ 10 ਮਿੰਟ ਬਾਅਦ ਵਾਪਰਿਆ।
ਸਾਗਰ ਭਾਈ ਦਾ ਕਹਿਣਾ ਹੈ ਕਿ ਜਿਵੇਂ ਹੀ ਮੈਂ ਪੁਲ ਤੋਂ ਹੇਠਾਂ ਉਤਰਿਆ, ਮੈਂ ਆਪਣੀ ਸੈਲਫੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਕੁਝ ਰਿਸ਼ਤੇਦਾਰਾਂ ਇਸ ਨੂੰ ਦੇਖ ਲਿਆ ਸੀ। ਉਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਸੀਂ ਬ੍ਰਿਜ 'ਤੇ ਹਾਂ। ਜਦੋਂ ਉਨ੍ਹਾਂ ਨੂੰ ਹਾਦਸੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਸਾਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ।
ਇਸ ਸੈਲਫੀ ਨੂੰ ਅਸੀਂ ਸਾਰੀ ਉਮਰ ਨਹੀਂ ਭੁੱਲ ਸਕਾਂਗੇ, ਜਿਸ 'ਚ ਛੋਟਾ ਬੇਟਾ ਰੋਂਦਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਅਸੀਂ ਅੱਜ ਜ਼ਿੰਦਾ ਹਾਂ।