ਵੱਟਸਐਪ ਨੇ ਸਤੰਬਰ ਵਿੱਚ 26.85 ਲੱਖ ਖਾਤਿਆਂ ਖ਼ਿਲਾਫ਼ ਕਾਰਵਾਈ ਕੀਤੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਤੰਬਰ ਵਿੱਚ ਪਾਬੰਦੀਸ਼ੁਦਾ ਖਾਤਿਆਂ ਦੀ ਗਿਣਤੀ ਅਗਸਤ ਦੇ ਮੁਕਾਬਲੇ 15 ਫ਼ੀਸਦੀ ਵੱਧ

WhatsApp took action against 26.85 lakh accounts in September


ਨਵੀਂ ਦਿੱਲੀ - ਵੱਟਸਐਪ ਨੇ ਸਤੰਬਰ ਵਿੱਚ ਭਾਰਤ 'ਚ 26.85 ਲੱਖ ਤੋਂ ਵੱਧ ਖਾਤਿਆਂ 'ਤੇ ਰੋਕ ਲਗਾਈ ਹੈ। ਇਨ੍ਹਾਂ ਵਿੱਚੋਂ 8.72 ਲੱਖ ਖਾਤਿਆਂ 'ਤੇ ਉਪਭੋਗਤਾਵਾਂ ਵੱਲੋਂ ਕੋਈ ਰਿਪੋਰਟ ਮਿਲਣ ਤੋਂ ਪਹਿਲਾਂ ਹੀ ਬਲਾਕ ਕਰ ਦਿੱਤਾ ਗਿਆ। ਮੈਸੇਜਿੰਗ ਪਲੇਟਫ਼ਾਰਮ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। 

ਕੰਪਨੀ ਨੇ ਅਗਸਤ 'ਚ 23.28 ਲੱਖ ਤੋਂ ਵੱਧ ਖਾਤਿਆਂ 'ਤੇ ਰੋਕ ਲਗਾਈ ਸੀ। ਸਤੰਬਰ ਵਿੱਚ ਪਾਬੰਦੀਸ਼ੁਦਾ ਖਾਤਿਆਂ ਦੀ ਗਿਣਤੀ ਅਗਸਤ ਦੇ ਮੁਕਾਬਲੇ 15 ਫ਼ੀਸਦੀ ਵੱਧ ਹੈ।

ਵੱਟਸਐਪ ਨੇ ਆਪਣੀ ਮਹੀਨਾਵਾਰ ਰਿਪੋਰਟ ਵਿੱਚ ਕਿਹਾ, “1 ਸਤੰਬਰ 2022 ਤੋਂ 30 ਸਤੰਬਰ 2022 ਦਰਮਿਆਨ, 26,85,000 ਖਾਤਿਆਂ 'ਤੇ ਰੋਕ ਲਗਾਈ ਗਈ। ਇਨ੍ਹਾਂ ਵਿੱਚੋਂ 8,72,000 ਖਾਤਿਆਂ 'ਤੇ ਉਪਭੋਗਤਾਵਾਂ ਵੱਲੋਂ ਕੋਈ ਸ਼ਿਕਾਇਤ ਮਿਲਣ ਤੋਂ ਪਹਿਲਾਂ ਹੀ ਰੋਕ ਲਗਾ ਦਿੱਤੀ ਗਈ ਸੀ। 

ਨਵੇਂ ਅਤੇ ਸਖ਼ਤ ਸੂਚਨਾ ਤਕਨਾਲੋਜੀ ਨਿਯਮਾਂ ਤਹਿਤ, ਵੱਡੇ ਡਿਜੀਟਲ ਪਲੇਟਫ਼ਾਰਮਾਂ ਨੂੰ ਹਰ ਮਹੀਨੇ ਆਪਣੀ ਇੱਕ ਰਿਪੋਰਟ ਜਾਰੀ ਕਰਨ ਦੀ ਲੋੜ ਹੁੰਦੀ ਹੈ। ਇਸ ਵਿੱਚ ਆਈਆਂ ਸ਼ਿਕਾਇਤਾਂ 'ਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਵੀ ਦੇਣਾ ਜ਼ਰੂਰੀ ਹੈ।