ਭਾਜਪਾ ਸੰਸਦ ਮੈਂਬਰ ਪ੍ਰਵੀਨ ਖਾਂਡੇਲਵਾਲ ਨੇ ਨਵੀਂ ਦਿੱਲੀ ਦਾ ਨਾਂ ਬਦਲ ਕੇ ਇੰਦਰਪ੍ਰਸਥ ਰੱਖਣ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ : ਪੁਰਾਣੀ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵੀ ਬਦਲਿਆ ਜਾਵੇ ਨਾਂ

BJP MP Praveen Khandelwal demands renaming New Delhi as Indraprastha

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਪ੍ਰਵੀਨ ਖਾਂਡੇਲਵਾਲ  ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ ’ਚ ਉਨ੍ਹਾਂ ਨੇ ਦਿੱਲੀ ਦਾ ਨਾਮ ਬਦਲ ਕੇ ਇੰਦਰਪ੍ਰਸਥ ਰੱਖਣ ਦੀ ਮੰਗ ਕੀਤੀ ਹੈ। ਖਾਂਡੇਲਵਾਲ  ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ ’ਚ ਇਹ ਮੰਗ ਕੀਤੀ ਹੈ ਕਿ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਇੰਦਰਪ੍ਰਸਥ ਜੰਕਸ਼ਨ ਕੀਤਾ ਜਾਵੇ ਅਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਇੰਦਰਪ੍ਰਸਥ ਏਅਰ ਪੋਰਟ ਕੀਤਾ ਜਾਵੇ। 

ਭਾਜਪਾ ਸੰਸਦ ਨੇ ਆਪਣੇ ਪੱਤਰ ’ਚ ਕਿਹਾ ਕਿ ਦਿੱਲੀ ਦਾ ਇਤਿਹਾਸ ਨਾ ਕੇਵਲ ਹਜ਼ਾਰਾਂ ਸਾਲ ਪੁਰਾਣਾ ਹੈ ਬਲਕਿ ਇਸ ’ਚ ਭਾਰਤੀ ਸੱਭਿਅਤਾ ਦੀ ਆਤਮਾ ਅਤੇ ਪਾਂਡਵਾਂ ਵੱਲੋਂ ਸਥਾਪਿਤ ‘ਇੰਦਰਪ੍ਰਸਥ’ ਸ਼ਹਿਰ ਦੀ ਜਿਊਂਦੀ ਜਾਗਦੀ ਪਰੰਪਰਾ ਨੂੰ ਵੀ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਭਾਰਤ ਦੀ ਪੁਰਾਤਨ ਸੱਭਿਆਚਾਰਕ ਵਿਰਾਸਤ ’ਚ ਵਿਲੱਖਣ ਸਥਾਨ ਰੱਖਦੀ ਹੈ। ਇਹ ਸਿਰਫ਼ ਇਕ ਮਹਾਨਗਰ ਨਹੀਂ, ਬਲਕਿ ਭਾਰਤੀ ਸੱਭਿਅਤਾ ਦੀ ਆਸਥਾ, ਧਰਮ, ਨੈਤਿਕਤਾ ਅਤੇ ਲੋਕ ਭਲਾਈ ਦੀ ਪਰੰਪਰਾ ਦਾ ਕੇਂਦਰ ਰਹੀ ਹੈ। ਇਤਿਹਾਸ ਗਵਾਹ ਹੈ ਕਿ ਮਹਾਂਭਾਰਤ ਕਾਲ ਦੌਰਾਨ ਪਾਂਡਵਾਂ ਨੇ ਇਸ ਖੇਤਰ ਨੂੰ ਵਸਾਇਆ ਅਤੇ ਆਪਣੀ ਰਾਜਧਾਨੀ ਇੰਦਰਪ੍ਰਸਥ ਦੀ ਸਥਾਪਨਾ ਕੀਤੀ, ਜੋ ਕਿ ਖੁਸ਼ਹਾਲ, ਸੁਚੱਜੇ ਢੰਗ ਨਾਲ ਸੰਗਠਿਤ ਅਤੇ ਨੀਤੀ-ਅਧਾਰਤ ਸ਼ਾਸਨ ਦਾ ਪ੍ਰਤੀਕ ਸ਼ਹਿਰ ਹੈ।