ਨਿਕਲੋ ਖੇਤ ਖਲਿਆਨੋਂ ਸੇ, ਜੰਗ ਕਰੋ ਇਨ ਬੇਈਮਾਨੋਂ ਸੇ : ਸ਼ਿਵ ਕੁਮਾਰ ਕੱਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੀਆਂ ਕਿਸਾਨ ਖਾਪਾਂ ਨੇ ਵੀ ਸੰਘਰਸ਼ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ

Shiv Kumar Kakka

ਨਵੀਂ ਦਿੱਲੀ : ਕਿਸਾਨ ਜਥੇਬੰਦੀਆਂ ਕੜਕਦੀ ਠੰਡ 'ਚ ਸਿੰਘੂ ਤੇ ਟਿਕਰੀ ਬਾਰਡਰ 'ਤੇ ਡਟੀਆਂ ਹੋਈਆਂ ਹਨ ਤੇ ਇਸ ਮੌਕੇ ਰਾਸ਼ਟਰੀ ਕਿਸਾਨ ਮਜ਼ਦੂਰ ਸੰਘ ਦੇ ਪ੍ਰਧਾਨ ਸ਼ਿਵ ਕੁਮਾਰ ਕੱਕਾ ਨੇ ਕਿਸਾਨਾਂ ਦੇ ਸਮਰਥਨ 'ਚ ਕਿਹਾ ਕਿ ਲੋਕ ਨਾਇਕ ਜੈ ਪ੍ਰਕਾਸ਼ ਦੀ ਸੰਪੂਰਨ ਕ੍ਰਾਂਤੀ ਹੋਈ ਸੀ, ਇਹ ਅੰਦੋਲਨ ਵੀ ਹੁਣ ਸੰਪੂਰਨ ਅੰਦੋਲਨ ਹੈ। ਉਨ੍ਹਾਂ ਕਿਹਾ ਕਿ 'ਨਿਕਲੋ ਖੇਤ ਖਲਿਆਨੋਂ ਸੇ, ਜੰਗ ਕਰੋ ਇਨ ਬੇਈਮਾਨੋਂ ਸੇ।'

ਹੋਰ ਦਸਦਿਆਂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ 18 ਕਾਨੂੰਨ ਕਿਸਾਨ ਵਿਰੋਧੀ ਤੇ 32 ਕਾਨੂੰਨ ਮਜ਼ਦੂਰ ਵਿਰੋਧੀ ਪਾਸ ਕੀਤੇ ਗਏ ਹਨ। ਹਰ ਕਾਨੂੰਨ ਦੇ ਆਖਰ 'ਚ ਲਿਖਿਆ ਹੈ ਕਿ ਤੁਸੀ ਅਦਾਲਤ ਵਿਚ ਨਹੀਂ ਜਾ ਸਕਦੇ। ਕਿਸਾਨ ਦਾ ਇਕ ਬੇਟਾ ਸਰਹੱਦ 'ਤੇ ਸ਼ਹੀਦ ਹੋ ਰਿਹਾ ਹੈ ਤੇ ਕਿਸਾਨ ਦਾ ਦੂਸਰਾ ਬੇਟਾ ਦਿੱਲੀ ਦੇ ਬਾਰਡਰ 'ਤੇ ਹੱਕਾਂ ਦੀ ਲੜਾਈ ਲੜ ਰਿਹਾ ਹੈ। ਕਿਸਾਨ ਅੰਦੋਲਨ ਦਿਨੋ- ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਕਿਸਾਨਾਂ ਅੱਗੇ ਗੋਡੇ ਟੇਕਦੀ ਨਜ਼ਰ ਆ ਰਹੀ ਹੈ।

ਦਿੱਲੀ ਵਿਖੇ ਕਿਸਾਨ ਭਰਾਵਾਂ ਦੀ ਤਾਦਾਦ ਦਿਨੋ-ਦਿਨ ਵਧਦੀ ਜਾ ਰਹੀ ਹੈ। ਪੰਜਾਬ, ਹਰਿਆਣਾ, ਯੂ. ਪੀ. ਤੋਂ ਬਾਅਦ ਹੁਣ ਜੀਂਦ ਤੋਂ 30 ਖਾਪਾਂ ਵੀ ਕਿਸਾਨ ਅੰਦੋਲਨ ਦੇ ਸਮਰਥਨ 'ਚ ਆ ਗਈਆਂ ਹਨ। ਅੱਜ ਜੀਂਦ 'ਚ ਚਹਿਲ ਖਾਪ ਨੇ ਬੈਠਕ 'ਚ ਕਿਹਾ ਕਿ ਸਾਰੇ ਸਾਜੋ-ਸਾਮਾਨ ਨਾਲ ਅਸੀਂ ਕੱਲ ਦਿੱਲੀ ਕੂਚ ਕਰਾਂਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦਿੱਲੀ 'ਚ ਕਿਸਾਨਾਂ ਦਾ ਅੰਦੋਲਨ ਰਹੇਗਾ ਉਹ ਵੀ ਦਿੱਲੀ 'ਚ ਹੀ ਡਟੇ ਰਹਿਣਗੇ ਤੇ ਨਾਲ ਹੀ ਉੁਨ੍ਹਾਂ ਕਿਹਾ ਕਿ ਅਸੀਂ ਦਿੱਲੀ ਦੇ ਨੇੜੇ ਹਾਂ।

ਕਿਸਾਨਾਂ ਨੂੰ ਜੋ ਵੀ ਲੋੜ ਹੋਵੇਗੀ, ਅਸੀਂ ਉਨ੍ਹਾਂ ਦੀ ਮਦਦ ਕਰਾਂਗੇ। ਚਹਿਲ ਖਾਪ ਨੇ ਕਿਹਾ ਕਿ ਕੱਲ੍ਹ ਰੋਹਤਕ ਤੋਂ 30 ਖਾਪਾਂ ਕਿਸਾਨਾਂ ਦੇ ਸਮਰਥਨ 'ਚ ਆਈਆਂ ਹਨ। 1-2 ਦਿਨ 'ਚ ਹਰਿਆਣਾ ਦੀਆਂ ਸਾਰੀਆਂ ਖਾਪਾਂ ਇਸ ਅੰਦੋਲਨ 'ਚ ਉਤਰਨਗੀਆਂ। ਉਨ੍ਹਾਂ ਕਿਹਾ ਕਿ ਖਾਪਾਂ ਦਾ ਮੁੱਖ ਟੀਚਾ ਦੋ ਦਿਨ ਦੇ ਅੰਦਰ 2 ਲੱਖ ਤੋਂ ਵੱਧ ਲੋਕਾਂ ਦਿੱਲੀ ਲੈ ਜਾਣ ਦਾ ਹੈ।

ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਨਿਰੰਕਾਰੀ ਸਮਾਗਮ ਗਰਾਊਂਡ 'ਚ ਜਾਣ ਨੂੰ ਕਿਹਾ ਜਾ ਰਿਹਾ ਹੈ ਪਰ ਉਹ ਅਜਿਹਾ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਉਹ ਖੁੱਲ੍ਹੀ ਜੇਲ ਹੈ ਤੇ ਸਰਕਾਰ ਦਾ ਮਨਸੂਬਾ ਹੈ ਕਿ ਉਥੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਰੱਖ ਲਿਆ ਜਾਵੇ ਪਰ ਮੋਦੀ ਸਰਕਾਰ ਦੇ ਇਸ ਮਨਸ਼ੇ ਨੂੰ ਕਿਸੇ ਵੀ ਹਾਲਤ 'ਚ ਪੂਰਾ ਨਹੀਂ ਹੋਣ ਦੇਣਗੇ ਤੇ ਆਪਣੀਆਂ ਮੰਗਾਂ ਨੂੰ ਇਥੇ ਰਹਿ ਕੇ ਹੀ ਪੂਰਾ ਕਰਵਾਉਣਗੇ ਤੇ ਨਾਲ ਹੀ ਕਿਸਾਨਾਂ ਨੇ ਸਰਕਾਰ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ 'ਚ ਗੱਲਬਾਤ ਨਹੀਂ ਕੀਤੀ ਗਈ ਤਾਂ ਉਹ ਦਿੱਲੀ 'ਚ ਕੋਈ ਵੀ ਟੈਕਸੀ ਨਹੀਂ ਚੱਲਣ ਦੇਣਗੇ।