ਭਾਰਤੀ ਸਰਹੱਦ ਦੀ ਸੁਰੱਖਿਆ ਮਜ਼ਬੂਤੀ ਲਈ 1 ਦਸੰਬਰ 1965 ਨੂੰ ਹੋਇਆ ਸੀ BSF ਦਾ ਗਠਨ

ਏਜੰਸੀ

ਖ਼ਬਰਾਂ, ਰਾਸ਼ਟਰੀ

1965 ’ਚ ਪਾਕਿਸਤਾਨ ਵੱਲੋਂ ਭਾਰਤੀ ਪੋਸਟਾਂ 'ਤੇ ਕੀਤੇ ਹਮਲੇ ਮਗਰੋਂ ਹੋਂਦ ’ਚ ਲਿਆਂਦੀ ਸੀ BSF

BSF

ਚੰਡੀਗੜ੍ਹ : ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਦੋਹਾਂ ਦੇਸ਼ਾਂ ’ਚ ਬਣੀਆਂ ਸਰਹੱਦਾਂ ਦੀ ਖਿੱਚੀ ਗਈ ਲੀਕ ਤੋਂ ਬਾਅਦ ਭਾਰਤ-ਪਾਕਿਸਤਾਨ ਦਰਮਿਆਨ 1965 ’ਚ ਹੋਈ ਜੰਗ 'ਚ ਭਾਰਤੀ ਸਰਹੱਦ ਦੀ ਰਾਖੀ ਕਰਨ ਦਾ ਜ਼ਿੰਮਾ ਸਬੰਧਤ ਸੂਬਿਆਂ ਦੀ ਪੁਲਿਸ ਦੇ ਹੱਥਾਂ ਵਿਚ ਸੀ।

ਪਾਕਿਸਤਾਨ ਵੱਲੋਂ 9 ਅਪ੍ਰੈਲ 1965 ਨੂੰ ਰਨਕਛ (ਗੁਜਰਾਤ) ’ਚ ਸਰਦਾਰ ਪੋਸਟ, ਸ਼ਾਰ ਬੇਟ ਤੇ ਬੋਰੀਆਂ ਬੇਟ ਦੀਆਂ ਭਾਰਤੀ ਪੋਸਟਾਂ ’ਤੇ ਹਮਲਾ ਕੀਤਾ ਗਿਆ ਜਿਸ ਦਾ ਟਾਕਰਾ ਸਬੰਧਤ ਸੂਬੇ ਦੀ ਫੋਰਸ ਵੱਲੋਂ ਕੀਤਾ ਗਿਆ ਸੀ ਅਤੇ ਇਸ ਦੌਰਾਨ ਭਾਰਤ ਸਰਕਾਰ ਵੱਲੋਂ ਭਾਰਤੀ ਸਰਹੱਦ ਦੀ ਸੁਰੱਖਿਆ ਮਜ਼ਬੂਤੀ ਲਈ ਸਪੈਸ਼ਲ ਬਾਰਡਰ ਸਕਿਓਰਿਟੀ ਫੋਰਸ ਦੀ ਲੋੜ ਸਮਝਦਿਆਂ ਹੋਇਆਂ 1 ਦਸੰਬਰ 1965 ਨੂੰ ਬਾਰਡਰ ਸਕਿਉਰਟੀ ਫੋਰਸ (BSF) ਦਾ ਗਠਨ ਕੀਤਾ ਗਿਆ।

ਇਹ ਵੀ ਪੜ੍ਹੋ :  'ਅੰਦੋਲਨ ਦੌਰਾਨ ਹੋਈਆਂ ਮੌਤਾਂ ਦਾ ਅੰਕੜਾ ਨਹੀਂ, ਇਸ ਲਈ ਮੁਆਵਜ਼ੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ'

ਬੀਐੱਸਐੱਫ (BSF)  ਭਾਰਤ ਤੇ ਵਿਸ਼ਵ ਦਾ ਸਭ ਤੋਂ ਵੱਡਾ ਸੀਮਾ ਸੁਰੱਖਿਆ ਬਲ ਹੈ। ਜਿਸ ਦੇ ਪਹਿਲੇ ਮਹਾਨਿਰਦੇਸ਼ਕ ਕੇ ਐੱਫ ਰੁਸਤਮ ਆਈਪੀ ਸਨ। ਬੀਐੱਸਐੱਫ (BSF) ਨੇ 1971 ’ਚ ਭਾਰਤ ਪਾਕਿਸਤਾਨ ਜੰਗ ਵਿਚ ਦੇਸ਼ ਦੀ ਸਰਹੱਦ ਦੀ ਰਾਖੀ ਕਰਦਿਆਂ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਇਸ ਤੋਂ ਇਲਾਵਾ ਬੀਐੱਸਐੱਫ ਸੈਨਿਕਾਂ ਨੇ ਲੌਂਗੋਵਾਲ ਦੀ ਪ੍ਰਸਿੱਧ ਲੜਾਈ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਤੇ ਪਾਕਿਸਤਾਨ ਦੀ ਫ਼ੌਜ ਦੇ ਛੱਕੇ ਛੁਡਾ ਦਿੱਤੇ।

ਬਾਰਡਰ ਸਕਿਉਰਿਟੀ ਫੋਰਸ ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ’ਤੇ ਨਿਰੰਤਰ ਨਿਗਰਾਨੀ ਰੱਖਦੀ ਹੋਈ ਦੇਸ਼ ਵਿਰੋਧੀ ਅਨਸਰਾਂ ਦੇ ਨਾਪਾਕ ਮਨਸੂਬਿਆਂ ਨੂੰ ਫੇਲ੍ਹ ਕਰਦੀ ਆ ਰਹੀ ਹੈ। ਇਸ ਸਮੇਂ ਬੀਐੱਸਐੱਫ (BSF) 638539 ਕਿਲੋਮੀਟਰ ਅੰਤਰਰਾਸ਼ਟਰੀ ਸਰਹੱਦ ਜੋ ਕਿ ਰੇਗਿਸਤਾਨ, ਨਦੀਆਂ, ਘਾਟੀਆਂ ਤੇ ਹਿਮਾਲਿਆ ਪ੍ਰਦੇਸ਼ਾਂ ਵਿੱਚੋਂ ਗੁਜ਼ਰਦੀ ਹੈ।

ਇਸ ਸਰਹੱਦ ’ਤੇ ਬੀਐੱਸਐੱਫ (BSF) ਦੇ ਜਵਾਨ ਤੇ ਮਹਿਲਾ ਜਵਾਨਾਂ ਵੱਲੋਂ ਸਰਹੱਦ ’ਤੇ ਹੋਣ ਵਾਲੀ ਘੁਸਪੈਠ, ਨਸ਼ੇ, ਹਥਿਆਰਾਂ ਆਦਿ ਦੀ ਤਸਕਰੀ ਕਰਨ ਵਾਲੇ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬੇ ਫੇਲ੍ਹ ਕੀਤੇ ਜਾ ਰਹੇ ਹਨ। ਬਾਰਡਰ ਸਕਿਓਰਿਟੀ ਫੋਰਸ (BSF) ਨੂੰ ਦੇਸ਼ ਭਰ ਵਿਚ ਦੋ ਕਮਾਂਡਾਂ ਵਿਚ ਵੰਡਿਆ ਹੋਇਆ ਹੈ ਜਿਸ ਵਿਚ ਈਸਟਰਨ ਕਮਾਂਡ ਕਲਕੱਤਾ ਤੇ ਵੈਸਟਰਨ ਕਮਾਂਡ ਚੰਡੀਗੜ੍ਹ ਹੈ।

ਇਹ ਵੀ ਪੜ੍ਹੋ : ਹਿੰਦੂ, ਸਿੱਖ, ਮੁਸਲਿਮ ਤੇ ਈਸਾਈ ਭਾਈਚਾਰੇ ਦਾ ਵਫ਼ਦ ਘੱਟ ਗਿਣਤੀ ਸਬੰਧੀ ਪਾਕਿਸਤਾਨੀ ਰਾਜਦੂਤ ਨੂੰ ਮਿਲਿਆ

ਬੀਐੱਸਐੱਫ (BSF) ਜਵਾਨ ਸਰਹੱਦਾਂ ਦੀ ਰਾਖੀ ਲਈ ਆਧੁਨਿਕ ਹਥਿਆਰਾਂ ਤੋਂ ਇਲਾਵਾ ਏਅਰ ਵਿੰਗ ਜਿਸ ’ਚ ਹੈਲੀਕਾਪਟਰ, ਏਅਰਕ੍ਰਾਫਟ, ਸਮੁੰਦਰੀ ਤੇ ਪਾਣੀ ਵਿਚ ਗਸ਼ਤ ਕਰਨ ਲਈ ਸਪੀਡ ਬੋਟ, ਘੋੜੇ ਤੇ ਰੇਗਿਸਤਾਨ ਵਿਚ ਡਿਊਟੀ ਕਰਨ ਲਈ ਊਠ ਤੇ ਖੋਜੀ ਕੁੱਤਿਆਂ ਆਦਿ ਦੀ ਵਰਤੋਂ ਕਰਦੇ ਹਨ।

ਬੀਐੱਸਐੱਫ ਇਕ ਟੀਅਰ ਸਮੋਕ ਯੂਨਿਟ(TSU) ਦੰਗਾ ਵਿਰੋਧੀ ਸੁਰੱਖਿਆ ਫੋਰਸ ਲਈ ਅੱਥਰੂ ਗੈਸ ਦਾ ਉਤਪਾਦਨ ਕਰਨ ਵਾਲੀ ਫੋਰਸ ਹੈ ਜੋ ਦੇਸ਼ ਦੇ ਵੱਖ-ਵੱਖ ਰਾਜਾਂ ਦੀ ਫੋਰਸ ਤੋਂ ਇਲਾਵਾ ਏਸ਼ੀਆ ’ਚ ਵੱਖ-ਵੱਖ ਫੋਰਸਾਂ ਨੂੰ ਅੱਥਰੂ ਗੈਸ ਤੇ ਉਸ ਨੂੰ ਚਲਾਉਣ ਵਾਲੀ ਟੀਅਰ ਗੈਸ ਮੁਹੱਈਆ ਕਰਾਉਣ ’ਚ ਮੋਹਰੀ ਹੈ।

ਇਸ ਤੋਂ ਇਲਾਵਾ ਬੀਐੱਸਐੱਫ (BSF) ਦਾ ਕੁੱਤਿਆਂ ਨੂੰ ਟਰੇਨਿੰਗ ਦੇਣ ਲਈ ਟੇਕਨਪੁਰ ਵਿਚ ਟਰੇਨਿੰਗ ਸੈਂਟਰ ਹੈ ਜਿੱਥੇ ਵੱਖ-ਵੱਖ ਨਸਲਾਂ ਦੇ ਕੁੱਤਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਬਾਰਡਰ ਸਕਿਓਰਿਟੀ ਫੋਰਸ ਵੱਲੋਂ 2014 ਤੋਂ ਬਾਅਦ ਆਧੁਨਿਕੀਕਰਨ ਕਰਦਿਆਂ ਹੋਇਆਂ ਬੀਐੱਸਐੱਫ (BSF) ਨੇ ਇਨਫਰਾ ਰੈੱਡ, ਥਰਮਲ ਇਮੇਜਰ, ਹਵਾਈ ਨਿਗਰਾਨੀ ਲਈ ਏਅਰੋਸਟੈਟ, ਨਦੀ ਦੀਆਂ ਸਰਹੱਦਾਂ ਦੀ ਸੁਰੱਖਿਆ ਲਈ ਗਰਾਊਂਡ, ਸੈਂਸਰ ਭੰਡਾਰ, ਸੋਨਾਰ ਸਿਸਟਮ, ਵੱਖ-ਵੱਖ ਲੇਜ਼ਰ ਸਿਸਟਮ ਨਾਲ ਘੁਸਪੈਠ ਦਾ ਪਤਾ ਲਗਾਉਣ ਦੇ ਸਿਸਟਮ ਸਥਾਪਤ ਕਰਨੇ ਸ਼ੁਰੂ ਕਰ ਦਿੱਤੇ ਸਨ।

ਇਹ ਵੀ ਪੜ੍ਹੋ : ਭਾਰਤ ਵਿਚ ਮਈ 2020 ਤੋਂ ਬਾਅਦ ਨਵੰਬਰ ਵਿੱਚ ਆਏ ਕੋਵਿਡ ਦੇ ਸਭ ਤੋਂ ਘੱਟ ਕੇਸ

ਬੀਐੱਸਐੱਫ (BSF) ਨੇ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਪਾਕਿਸਤਾਨ ਦੇ ਨਾਲ-ਨਾਲ ਬੰਗਲਾਦੇਸ਼ ਦੀ ਸਰਹੱਦ ’ਤੇ ਹਾਈ ਟੈੱਕ ਸਿਸਟਮ, ਨਦੀਆਂ ਆਦਿ ਥਾਵਾਂ ’ਤੇ ਘੁਸਪੈਠ ਰੋਕਣ ਲਈ ਕੰਡਿਆਲੀ ਤਾਰ ਲਗਾਈ ਹੋਈ ਹੈ। ਇਸ ਤੋਂ ਇਲਾਵਾ ਬੀਐੱਸਐੱਫ ਦੇ ਜਵਾਨ ਮਹਾਂਵੀਰ ਚੱਕਰ, ਅਰਜੁਨ ਐਵਾਰਡ, ਸ਼ੌਰੀਆ ਚੱਕਰ, ਪਦਮ ਭੂਸ਼ਨ ਪੁਰਸਕਾਰ, ਸੈਨਾ ਪੁਰਸਕਾਰ, ਵੀਰ ਚੱਕਰ ਆਦਿ ਨਾਲ ਸਨਮਾਨਿਤ ਹੋ ਚੁੱਕੇ ਹਨ। ਬੀਐੱਸਐੱਫ (BSF) ਨੇ ਜੰਮੂ ਕਸ਼ਮੀਰ, ਬੰਗਾਲ, ਪੰਜਾਬ, ਮਨੀਪੁਰ, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਅਸਾਮ ਆਦਿ ਰਾਜਾਂ ਵਿਚ ਅਤਿਵਾਦ ਦਾ ਸਫ਼ਾਇਆ ਕੀਤਾ।

ਬੀਐੱਸਐੱਫ ਸਮੇਂ-ਸਮੇਂ ’ਤੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਮੈਡੀਕਲ ਕੈਂਪ, ਸਕੂਲੀ ਵਿਦਿਆਰਥੀਆਂ ਨੂੰ ਕਾਪੀਆਂ, ਕਿਤਾਬਾਂ ਹੋਰ ਸਮੱਗਰੀ ਤੋਂ ਇਲਾਵਾ ਨੌਜਵਾਨਾਂ ਨੂੰ ਭਰਤੀ ਹੋਣ ਲਈ ਟੇ੍ਰਨਿੰਗ, ਸਪੋਰਟਸ ਕਿੱਟਾਂ ਆਦਿ ਡਵੈੱਲਪਮੈਂਟ ਕਰਨ ’ਚ ਵੀ ਆਪਣਾ ਯੋਗਦਾਨ ਪਾ ਰਹੀ ਹੈ।

ਬੀਐੱਸਐੱਫ (BSF) ਧਰਮ ਨਿਰਪੱਖ ਸੈਂਟਰਲ ਆਰਮਡ ਫੋਰਸ ਹੈ ਜੋ ਕਿ ਨਿਰਪੱਖ ਡਿਊਟੀ ਨਾਲ ਜਾਣੀ ਜਾਂਦੀ ਹੈ, ਵੱਲੋਂ ਆਪਣੇ ਫਰੰਟੀਅਰ, ਸੈਕਟਰ, ਬਟਾਲੀਅਨ ਹੈੱਡਕੁਆਰਟਰ ਤੇ ਬੀਓਪੀ ’ਤੇ ਹਰੇਕ ਧਰਮ ਨਾਲ ਸਬੰਧਤ ਧਾਰਮਿਕ ਅਸਥਾਨ ਹਨ ਜਿੱਥੇ ਬੀਐੱਸਐੱਫ (BSF) ਵੱਲੋਂ ਗੁਰਪੁਰਬ, ਜਨਮ ਅਸ਼ਟਮੀ, ਈਦ ਤੇ ਕ੍ਰਿਸ਼ਚਨ ਭਾਈਚਾਰੇ ਨਾਲ ਸਬੰਧਤ ਹੋਰ ਧਰਮਾਂ ਦੇ ਵੀ ਤਿਉਹਾਰ ਰਲ ਮਿਲ ਕੇ ਸਾਂਝੇ ਤੌਰ ’ਤੇ ਮਨਾਏ ਜਾਂਦੇ ਹਨ।

ਇਹ ਵੀ ਪੜ੍ਹੋ : ਦਿੱਲੀ ਵਾਸੀਆਂ ਲਈ ਖੁਸ਼ਖ਼ਬਰੀ, ਕੇਜਰੀਵਾਲ ਸਰਕਾਰ ਨੇ ਸਸਤਾ ਕੀਤਾ ਪੈਟਰੋਲ

ਦੇਸ਼ ਦੀ ਫ਼ੌਜ ਜਿੱਥੇ ਲੜਾਈ ਸਮੇਂ ਦੁਸ਼ਮਣ ਦੇਸ਼ ਨਾਲ ਜੰਗਾਂ ਲੜਦੀ ਹੈ ਉੱਥੇ ਬੀਐੱਸਐੱਫ (BSF) ਰੋਜ਼ਾਨਾ ਦੇਸ਼ ਦੀਆਂ ਸਰਹੱਦਾਂ ਤੇ ਲਾਈਨ ਆਫ ਕੰਟਰੋਲ ’ਤੇ ਆਪਣੀ ਜਾਨ ਤਲੀ ’ਤੇ ਰੱਖ ਕੇ ਦਿਨ ਰਾਤ ਡਿਊਟੀ ਕਰ ਰਹੀ ਹੈ ਪਰ ਬੀਐੱਸਐੱਫ (BSF) ਦੇ ਜਵਾਨ ਤੇ ਅਧਿਕਾਰੀ ਫ਼ੌਜ ਵਾਲੀਆਂ ਸਹੂਲਤਾਂ ਤੋਂ ਵਾਂਝੇ ਹਨ ਜਿਸ ਲਈ ਭਾਰਤ ਸਰਕਾਰ ਨੂੰ ਬੀਐੱਸਐੱਫ (BSF) ਨੂੰ ਫ਼ੌਜ ਵਾਲੀਆਂ ਸਹੂਲਤਾਂ ਤੇ ਤਰੱਕੀਆਂ ਦੀ ਰਫ਼ਤਾਰ ਵਿਚ ਤੇਜ਼ੀ ਲਿਆ ਕੇ ਬੀਐੱਸਐੱਫ (BSF) ਜਵਾਨਾਂ ਦਾ ਮਨੋਬਲ ਉਪਰ ਚੁੱਕਣਾ ਚਾਹੀਦਾ ਹੈ।

ਇੱਥੇ ਦੱਸਣਯੋਗ ਹੈ ਕਿ ਬੀਐੱਸਐੱਫ ਵੱਲੋਂ ਜਿੱਥੇ ਇਕ ਦਸੰਬਰ ਤੋਂ ਦੇਸ਼ ਭਰ ਵਿਚ ਬੀਐੱਸਐੱਫ (BSF) ਦਾ 57ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਉਥੇ ਇਸ ਵਾਰ ਬੀਐੱਸਐੱਫ ਦਾ ਦੇਸ਼ ਪੱਧਰੀ ਬੀਐੱਸਐੱਫ (BSF) ਸਥਾਪਨਾ ਦਿਵਸ ਰਾਜਸਥਾਨ ਦੇ ਜੈਸਲਮੇਰ ਵਿਚ ਮਨਾਇਆ ਜਾ ਰਿਹਾ ਹੈ ਜਿਸ ਵਿਚ ਦੇਸ਼ ਦੇ ਗ੍ਰਹਿ ਮੰਤਰੀ ਤੇਬੀਐੱਸਐੱਫ (BSF) ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਆਈਪੀਐੱਸ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ।