ਕੇਂਦਰੀ ਜਲ ਸ਼ਕਤੀ ਮੰਤਰਾਲੇ ਦਾ ਟਵਿਟਰ ਹੈਂਡਲ ਹੈਕ, 9 ਦਿਨਾਂ ’ਚ ਦੂਜਾ ਸਭ ਤੋਂ ਵੱਡਾ ਸਾਈਬਰ ਹਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ ਹਫਤੇ ਦਿੱਲੀ ਏਮਜ਼ ਦੇ ਸਰਵਰ ਦੇ ਹੈਕ ਹੋਣ ਤੋਂ ਬਾਅਦ ਕਿਸੇ ਸਰਕਾਰੀ ਸਾਈਟ 'ਤੇ ਇਹ ਦੂਜਾ ਵੱਡਾ ਸਾਈਬਰ ਹਮਲਾ ਹੈ।

Jal Shakti ministry's Twitter handle briefly hacked

 

ਨਵੀਂ ਦਿੱਲੀ: ਕੇਂਦਰੀ ਜਲ ਸ਼ਕਤੀ ਮੰਤਰਾਲੇ ਦਾ ਟਵਿਟਰ ਹੈਂਡਲ ਵੀਰਵਾਰ ਸਵੇਰੇ ਹੈਕ ਹੋ ਗਿਆ। ਉਦੋਂ ਤੋਂ ਹੀ ਸੁਰੱਖਿਆ ਏਜੰਸੀਆਂ ਅਤੇ ਸਾਈਬਰ ਮਾਹਰ ਜਾਂਚ ਵਿਚ ਜੁਟ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਖਾਤਾ ਬਹਾਲ ਕਰ ਦਿੱਤਾ ਗਿਆ ਹੈ। ਪਿਛਲੇ ਹਫਤੇ ਦਿੱਲੀ ਏਮਜ਼ ਦੇ ਸਰਵਰ ਦੇ ਹੈਕ ਹੋਣ ਤੋਂ ਬਾਅਦ ਕਿਸੇ ਸਰਕਾਰੀ ਸਾਈਟ 'ਤੇ ਇਹ ਦੂਜਾ ਵੱਡਾ ਸਾਈਬਰ ਹਮਲਾ ਹੈ।

ਮੰਤਰਾਲੇ ਦੇ ਟਵਿੱਟਰ ਹੈਂਡਲ ਤੋਂ ਮੰਗਲਵਾਰ ਸਵੇਰੇ 5:38 ਵਜੇ ਕ੍ਰਿਪਟੋ ਵਾਲਿਟ ਦਾ ਪ੍ਰਚਾਰ ਕਰਨ ਵਾਲਾ ਇਕ ਟਵੀਟ ਪੋਸਟ ਕੀਤਾ ਗਿਆ। ਖਾਤੇ ਦੀ ਪ੍ਰੋਫਾਈਲ ਫੋਟੋ ਨੂੰ ਵੀ ਤਿਰੰਗੇ ਤੋਂ ਸੂਈ ਲੋਗੋ ਵਿਚ ਬਦਲ ਦਿੱਤਾ ਗਿਆ ਸੀ। ਟਵੀਟ ਵਿਚ ਕਈ ਅਣਜਾਣ ਖਾਤਿਆਂ ਨੂੰ ਵੀ ਟੈਗ ਕੀਤਾ ਗਿਆ ਸੀ। ਹਾਲਾਂਕਿ ਕੁਝ ਸਮੇਂ ਬਾਅਦ ਅਕਾਊਂਟ ਰੀਸਟੋਰ ਕਰ ਦਿੱਤਾ ਗਿਆ ਅਤੇ ਸਾਰੇ ਟਵੀਟ ਡਿਲੀਟ ਕਰ ਦਿੱਤੇ ਗਏ। ਸੁਰੱਖਿਆ ਏਜੰਸੀਆਂ ਅਤੇ ਸਾਈਬਰ ਮਾਹਿਰ ਇਸ ਘਟਨਾ ਦੀ ਜਾਂਚ ਕਰ ਰਹੇ ਹਨ।

ਦੱਸ ਦੇਈਏ ਕਿ 9 ਦਿਨ ਪਹਿਲਾਂ 23 ਨਵੰਬਰ ਨੂੰ ਦਿੱਲੀ ਏਮਜ਼ ਦੇ ਸਰਵਰ 'ਤੇ ਸਾਈਬਰ ਹਮਲਾ ਹੋਇਆ ਸੀ। ਇਸ ਦੌਰਾਨ ਹੈਕਰਾਂ ਨੇ ਕਥਿਤ ਤੌਰ 'ਤੇ ਕ੍ਰਿਪਟੋਕਰੰਸੀ ਵਿਚ 200 ਕਰੋੜ ਰੁਪਏ ਦੀ ਮੰਗ ਕੀਤੀ, ਹਾਲਾਂਕਿ ਦਿੱਲੀ ਪੁਲਿਸ ਨੇ ਕਿਸੇ ਵੀ ਫਿਰੌਤੀ ਤੋਂ ਇਨਕਾਰ ਕੀਤਾ ਹੈ। ਇਸ ਤੋਂ ਬਾਅਦ ਫਿਰੌਤੀ ਅਤੇ ਸਾਈਬਰ ਅੱਤਵਾਦ ਦਾ ਮਾਮਲਾ ਦਰਜ ਕੀਤਾ ਗਿਆ ਸੀ। ਫਿਲਹਾਲ ਇੰਡੀਆ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-IN), ਦਿੱਲੀ ਪੁਲਿਸ ਅਤੇ ਗ੍ਰਹਿ ਮੰਤਰਾਲੇ ਦੇ ਨੁਮਾਇੰਦੇ ਘਟਨਾ ਦੀ ਜਾਂਚ ਕਰ ਰਹੇ ਹਨ। ਹੈਕਿੰਗ ਦੇ ਸਰੋਤ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਇੰਡਸਫੇਸ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਵਿਚ ਹਰ ਮਹੀਨੇ ਸਿਹਤ ਸੰਭਾਲ ਖੇਤਰ 'ਤੇ ਲਗਭਗ 3 ਲੱਖ ਸਾਈਬਰ ਹਮਲੇ ਹੁੰਦੇ ਹਨ। ਇਹ ਦੁਨੀਆ ਦੇ ਦੂਜੇ ਸਭ ਤੋਂ ਵੱਧ ਸਾਈਬਰ ਹਮਲੇ ਹਨ। ਅਮਰੀਕੀ ਸਿਹਤ ਖੇਤਰ 'ਤੇ ਹਰ ਮਹੀਨੇ ਕਰੀਬ ਪੰਜ ਲੱਖ ਸਾਈਬਰ ਹਮਲੇ ਹੁੰਦੇ ਹਨ।