ਧਰਮ ਦੇ ਅਧਾਰ ’ਤੇ ਲੋਕਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਵਿਰੁਧ ਬੋਲੀ ਮਹਿਬੂਬਾ ਮੁਫ਼ਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀ ਦੀ ਸਾਬਕਾ ਮੁੱਖ ਮੰਤਰੀ ਨੇ ਇਕਜੁਟ ਹੋ ਕੇ ਲੜਨ ਦਾ ਸੱਦਾ ਦਿਤਾ

Mehbooba Mufti

ਜੰਮੂ : ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਐਤਵਾਰ ਨੂੰ ਲੋਕਾਂ ਨੂੰ ਧਾਰਮਕ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਤਾਕਤਾਂ ਵਿਰੁਧ ਇਕਜੁਟ ਹੋ ਕੇ ਲੜਨ ਦਾ ਸੱਦਾ ਦਿਤਾ।

ਉਨ੍ਹਾਂ ਕਿਹਾ, ‘‘ਦੇਸ਼ ’ਚ ਹਾਲਾਤ ਚੰਗੇ ਨਹੀਂ ਹਨ। ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ, ਮੌਲਾਨਾ ਅਬੁਲ ਕਲਾਮ ਆਜ਼ਾਦ, ਸਰਦਾਰ (ਵੱਲਭ ਭਾਈ ਪਟੇਲ), ਬੀ.ਆਰ. ਅੰਬੇਡਕਰ ਵਰਗੇ ਨੇਤਾਵਾਂ ਨੇ ਇਸ ਦੇਸ਼ ਨੂੰ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਅਤੇ ਈਸਾਈਆਂ ਦਾ ਘਰ ਬਣਾਇਆ। ਗਾਂਧੀ ਨੇ ਇਸ ਦੇਸ਼ ਲਈ ਅਪਣੀ ਜਾਨ ਕੁਰਬਾਨ ਕਰ ਦਿਤੀ।’’

ਸਾਬਕਾ ਮੁੱਖ ਮੰਤਰੀ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਲਾਂਕਿ ਲੋਕਾਂ ਨੂੰ ਧਰਮ ਦੇ ਆਧਾਰ ’ਤੇ ਇਕ-ਦੂਜੇ ਵਿਰੁਧ ਖੜਾ ਕੀਤਾ ਜਾ ਰਿਹਾ ਹੈ ਅਤੇ ਮੈਨੂੰ ਡਰ ਹੈ ਕਿ ਸਾਨੂੰ 1947 ਵਰਗੀ ਸਥਿਤੀ ਵਲ ਧੱਕਿਆ ਜਾ ਰਿਹਾ ਹੈ। ਭਾਜਪਾ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਰੁਜ਼ਗਾਰ, ਸਿੱਖਿਆ, ਚੰਗੇ ਹਸਪਤਾਲ ਅਤੇ ਸੜਕਾਂ ਮੁਹੱਈਆ ਕਰਵਾਉਣ ’ਚ ਅਸਫਲ ਰਹੀ ਹੈ ਅਤੇ ਮੰਦਰ ਲੱਭਣ ਦੇ ਬਹਾਨੇ ਮਸਜਿਦਾਂ ਨੂੰ ਨਿਸ਼ਾਨਾ ਬਣਾ ਕੇ ਲੋਕਾਂ ਦਾ ਧਿਆਨ ਭਟਕਾ ਰਹੀ ਹੈ। 

ਉਨ੍ਹਾਂ ਕਿਹਾ, ‘‘ਦੇਸ਼ ’ਚ ਬਿਲਕੁਲ ਇਹੋ ਹੋ ਰਿਹਾ ਹੈ। ਹਾਲ ਹੀ ’ਚ ਸੰਭਲ (ਉੱਤਰ ਪ੍ਰਦੇਸ਼) ’ਚ ਚਾਰ ਬੇਕਸੂਰ ਨੌਜੁਆਨ ਮਾਰੇ ਗਏ ਪਰ ਉਨ੍ਹਾਂ ਲਈ ਕੌਣ ਬੋਲੇਗਾ, ਅਜਿਹਾ ਕਰਨ ਵਾਲੇ ਨੂੰ ਉਮਰ ਖਾਲਿਦ ਵਾਂਗ ਜੇਲ ’ਚ ਸੁੱਟ ਦਿਤਾ ਜਾਵੇਗਾ, ਜੋ ਪਿਛਲੇ ਚਾਰ ਸਾਲਾਂ ਤੋਂ ਸਲਾਖਾਂ ਪਿੱਛੇ ਹੈ। ਮੌਜੂਦਾ ਸਥਿਤੀ ’ਚ, ਕੋਈ ਨਹੀਂ ਸੁਣ ਰਿਹਾ ਹੈ।’’

ਪੀ.ਡੀ.ਪੀ. ਨੇਤਾ ਨੇ ਇਕ ਪਟੀਸ਼ਨ ਦਾ ਹਵਾਲਾ ਦਿਤਾ ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਅਜਮੇਰ ਸ਼ਰੀਫ ਦਰਗਾਹ ਇਕ ਸ਼ਿਵ ਮੰਦਰ ’ਤੇ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਹਿੰਦੂਆਂ ਅਤੇ ਸਿੱਖਾਂ ਸਮੇਤ ਵੱਖ-ਵੱਖ ਧਰਮਾਂ ਦੇ ਲੋਕ 800 ਸਾਲ ਪੁਰਾਣੀ ਦਰਗਾਹ ਦੇ ਦਰਸ਼ਨ ਕਰਦੇ ਹਨ ਜੋ ਗੰਗਾ-ਜਮੁਨੀ ਸਭਿਆਚਾਰ ਦੀ ਸ਼ਾਨਦਾਰ ਮਿਸਾਲ ਹੈ। ਉਨ੍ਹਾਂ ਕਿਹਾ ਕਿ ਉਹ ਮੰਦਰ ਦੀ ਭਾਲ ’ਚ ਇਸ ਦਰਗਾਹ ਨੂੰ ਖੋਦਣਾ ਚਾਹੁੰਦੇ ਹਨ। ਪੀ.ਡੀ.ਪੀ. ਪ੍ਰਧਾਨ ਨੇ ਕਿਹਾ ਕਿ ਲੋਕਾਂ ਨੂੰ ਇਸ ਦੇ ਵਿਰੁਧ ਖੜ੍ਹੇ ਹੋਣਾ ਪਵੇਗਾ ਨਹੀਂ ਤਾਂ ਬੰਗਲਾਦੇਸ਼ ਅਤੇ ਸਾਡੇ ਦੇਸ਼ ਵਿਚ ਕੀ ਫਰਕ ਹੈ।