ਬਗ਼ੈਰ ਇਜਾਜ਼ਤ ਵਿਆਹ ’ਚ ਵੜ ਆਏ ਨਾਬਾਲਗ਼ ਨੂੰ ਗੋਲੀ ਮਾਰ ਕੇ ਮਾਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀ.ਆਈ.ਐੱਸ.ਐੱਫ. ਦੇ ਇਕ ਹੈੱਡ ਕਾਂਸਟੇਬਲ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Photo

ਨਵੀਂ ਦਿੱਲੀ : ਦਿੱਲੀ ਦੇ ਸ਼ਾਹਦਰਾ ’ਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਦੇ ਇਕ ਹੈੱਡ ਕਾਂਸਟੇਬਲ ਨੇ ਕਥਿਤ ਤੌਰ ਉਤੇ ਗੋਲੀ ਮਾਰ ਕੇ 17 ਸਾਲ ਦੇ ਇਕ ਗ਼ਰੀਬ ਦਾ ਕਤਲ ਕਰ ਦਿਤਾ। ਇਹ ਮੁੰਡਾ ਭੋਜਨ ਦੀ ਤਲਾਸ਼ ਵਿਚ ਇਕ ਵਿਆਹ ਸਮਾਗਮ ਅੰਦਰ ਬਗੈਰ ਇਜਾਜ਼ਤ ਤੋਂ ਵੜ ਆਇਆ ਸੀ।ਪੁਲਿਸ ਮੁਤਾਬਕ ਇਹ ਘਟਨਾ ਸਨਿਚਰਵਾਰ ਸ਼ਾਮ ਨੂੰ ਮਾਨਸਰੋਵਰ ਪਾਰਕ ਦੇ ਡੀ.ਡੀ.ਏ. ਮਾਰਕੀਟ ਸਥਿਤ ਕਮਿਊਨਿਟੀ ਸੈਂਟਰ ਨੇੜੇ ਵਿਆਹ ਦੌਰਾਨ ਵਾਪਰੀ। ਅਧਿਕਾਰੀ ਨੇ ਦਸਿਆ ਕਿ ਪੁਲਿਸ ਨੂੰ ਇਕ ਰਾਹਗੀਰ ਤੋਂ ਗੋਲੀਬਾਰੀ ਦੀ ਸੂਚਨਾ ਮਿਲੀ ਅਤੇ ਉਹ ਮੌਕੇ ਉਤੇ ਪਹੁੰਚ ਗਈ।

ਡਿਪਟੀ ਪੁਲਿਸ ਕਮਿਸ਼ਨਰ (ਡੀ.ਸੀ.ਪੀ.) ਸ਼ਾਹਦਰਾ ਪ੍ਰਸ਼ਾਂਤ ਗੌਤਮ ਨੇ ਕਿਹਾ ਕਿ ਮੁੱਢਲੀ ਜਾਂਚ ਅਨੁਸਾਰ ਨਿਊ ਮਾਡਰਨ ਸ਼ਾਹਦਰਾ ਦਾ ਰਹਿਣ ਵਾਲਾ ਨਾਬਾਲਗ ਵਿਆਹ ਦੇ ਜਸ਼ਨ ਦੌਰਾਨ ਗੋਲੀ ਲੱਗ ਕੇ ਜ਼ਖਮੀ ਹੋ ਗਿਆ। ਉਸ ਨੂੰ ਤੁਰਤ ਹੇਡਗੇਵਾਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿਤਾ। ਉਨ੍ਹਾਂ ਦਸਿਆ ਕਿ ਮੁਲਜ਼ਮ ਦੀ ਪਛਾਣ ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਤਾਇਨਾਤ ਸੀ.ਆਈ.ਐਸ.ਐਫ. ਹੈੱਡ ਕਾਂਸਟੇਬਲ ਵਜੋਂ ਹੋਈ ਹੈ।

ਮੁਲਜ਼ਮ ਨੂੰ ਲੱਭ ਲਿਆ ਗਿਆ ਅਤੇ ਫੜ ਲਿਆ ਗਿਆ। ਉਸ ਦੇ ਕਬਜ਼ੇ ਵਿਚੋਂ ਇਕ ਪਿਸਤੌਲ ਬਰਾਮਦ ਕੀਤੀ ਗਈ ਹੈ, ਜਿਸ ਦੀ ਵਰਤੋਂ ਇਸ ਘਟਨਾ ਵਿਚ ਕੀਤੀ ਗਈ ਸੀ। ਪੁਲਿਸ ਨੇ ਦਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲਗਦਾ ਹੈ ਕਿ ਗੋਲੀਬਾਰੀ ਪਹਿਲਾਂ ਤੋਂ ਯੋਜਨਾਬੱਧ ਨਹੀਂ ਸੀ, ਬਲਕਿ ਘਟਨਾ ਵਾਲੀ ਥਾਂ ਉਤੇ ਨਾਬਾਲਗ ਅਤੇ ਮੁਲਜ਼ਮ ਵਿਚਾਲੇ ਅਚਾਨਕ ਝਗੜੇ ਦੌਰਾਨ ਵਾਪਰੀ ਸੀ। ਪੁਲਿਸ ਅਫ਼ਸਰ ਨੇ ਕਿਹਾ, ‘‘ਸਾਨੂੰ ਪਤਾ ਲੱਗਾ ਕਿ ਪੀੜਤ ਨੇ ਜਦੋਂ ਵੇਖਿਆ ਕਿ ਇਕ ਵਿਆਹ ਦਾ ਸਮਾਗਮ ਚੱਲ ਰਿਹਾ ਹੈ ਤਾਂ ਉਹ ਖਾਣਾ ਖਾਣ ਲਈ ਆ ਗਿਆ। ਪਰ ਜਦੋਂ ਉਸ ਨੇ ਕੰਧ ਟੱਪੀ ਤਾਂ ਕੁੱਝ ਸਥਾਨਕ ਲੋਕਾਂ ਨੇ ਉਸ ਨੂੰ ਰੋਕ ਲਿਆ।

ਸੀ.ਆਈ.ਐਸ.ਐਫ. ਦੇ ਹੈੱਡ ਕਾਂਸਟੇਬਲ ਵੀ ਉੱਥੇ ਮੌਜੂਦ ਸਨ ਅਤੇ ਗੁੱਸੇ ਵਿਚ ਆ ਕੇ ਉਸ ਨੇ ਬੰਦੂਕ ਕੱਢੀ ਅਤੇ ਉਸ ਨੂੰ ਗੋਲੀ ਮਾਰ ਦਿਤੀ।’’ ਪੁਲਿਸ ਨੇ ਦਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ ਅਤੇ ਮੁਲਜ਼ਮ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹਥਿਆਰ ਸਰਵਿਸ ਹਥਿਆਰ ਸੀ ਜਾਂ ਨਿੱਜੀ ਹਥਿਆਰ। ਹਥਿਆਰਾਂ ਦੇ ਲਾਇਸੈਂਸਾਂ ਦੀ ਤਸਦੀਕ ਅਤੇ ਜ਼ਬਤ ਕੀਤੀ ਗਈ ਪਿਸਤੌਲ ਦੀ ਫੋਰੈਂਸਿਕ ਜਾਂਚ ਸਮੇਤ ਅਗਲੇਰੀ ਕਾਨੂੰਨੀ ਕਾਰਵਾਈ ਜਾਰੀ ਹੈ।     (ਪੀਟੀਆਈ)