ਹਿਮਾਚਲ ਵਿਚ ਬਰਫ਼ਬਾਰੀ ਦੀ ਸੰਭਾਵਨਾ, ਵੱਡੀ ਗਿਣਤੀ ਵਿਚ ਸੈਲਾਨੀ ਪਹੁੰਚਣੇ ਹੋਏ ਸ਼ੁਰੂ
15 ਸ਼ਹਿਰਾਂ ਵਿੱਚ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਡਿੱਗਿਆ ਹੇਠਾਂ
Himachal Weather Update News: ਦੇਸ਼ ਭਰ ਤੋਂ ਮਨਾਲੀ ਆਉਣ ਵਾਲੇ ਸੈਲਾਨੀ ਅੱਜ ਰੋਹਤਾਂਗ ਪਹੁੰਚ ਸਕਣਗੇ। ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਆਦਾ ਤਿਲਕਣ ਹੋਣ ਕਾਰਨ ਪਿਛਲੇ ਹਫ਼ਤੇ ਰੋਹਤਾਂਗ ਤੱਕ ਵਾਹਨਾਂ ਦੀ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਸੀ। ਐਤਵਾਰ ਨੂੰ ਸੜਕ ਦਾ ਮੁਆਇਨਾ ਕਰਨ ਤੋਂ ਬਾਅਦ, ਪ੍ਰਸ਼ਾਸਨ ਨੇ ਅੱਜ ਇਸ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ, ਜਿਸ ਨਾਲ ਸੈਲਾਨੀਆਂ ਨੂੰ ਬਰਫ਼ ਦੇਖਣ ਲਈ ਰੋਹਤਾਂਗ ਦੱਰੇ ਤੱਕ ਪਹੁੰਚਣ ਦੀ ਆਗਿਆ ਮਿਲੀ।
ਇਸ ਦੌਰਾਨ 4 ਤੇ 5 ਦਸੰਬਰ ਨੂੰ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਉਚਾਈਆਂ 'ਤੇ ਹਲਕੀ ਬਰਫ਼ਬਾਰੀ ਅਤੇ ਮੱਧ-ਉਚਾਈ ਵਾਲੇ ਖੇਤਰਾਂ ਵਿਚ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਖਾਸ ਕਰਕੇ ਚੰਬਾ, ਲਾਹੌਲ-ਸਪਿਤੀ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਉਮੀਦ ਹੈ। ਮੈਦਾਨੀ ਇਲਾਕਿਆਂ ਵਿੱਚ ਮੌਸਮ ਸਾਫ਼ ਰਹੇਗਾ। ਮੀਂਹ ਅਤੇ ਬਰਫ਼ਬਾਰੀ ਤੋਂ ਪਹਿਲਾਂ ਸੂਬੇ ਵਿਚ ਭਾਰੀ ਠੰਢ ਪੈ ਰਹੀ ਹੈ। 15 ਸ਼ਹਿਰਾਂ ਵਿਚ ਪਾਰਾ 5 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਗਿਆ ਹੈ ਤੇ 26 ਥਾਵਾਂ 'ਤੇ ਰਾਤ ਦਾ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਗਿਆ ਹੈ।
ਲਾਹੌਲ ਸਪਿਤੀ ਦੇ ਤਾਬੋ ਵਿਚ ਸਭ ਤੋਂ ਘੱਟ ਤਾਪਮਾਨ -4.7 ਡਿਗਰੀ, ਕੁਕੁਮਸਰੀ ਵਿੱਚ -4.6 ਡਿਗਰੀ ਅਤੇ ਸਮਦੋ ਵਿੱਚ -3.1 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ, ਮੈਦਾਨੀ ਇਲਾਕਿਆਂ ਵਿੱਚ ਸ਼ਿਮਲਾ ਨਾਲੋਂ ਠੰਢਾ ਤਾਪਮਾਨ ਮਹਿਸੂਸ ਕੀਤਾ ਜਾ ਰਿਹਾ ਹੈ।
ਸ਼ਿਮਲਾ ਵਿਚ ਰਾਤ ਦਾ ਤਾਪਮਾਨ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਸੁੰਦਰਨਗਰ ਵਿੱਚ 3.4 ਡਿਗਰੀ ਸੈਲਸੀਅਸ, ਭੁੰਤਰ ਵਿੱਚ 1.3 ਡਿਗਰੀ ਸੈਲਸੀਅਸ, ਊਨਾ ਵਿੱਚ 6.5 ਡਿਗਰੀ ਸੈਲਸੀਅਸ, ਪਾਲਮਪੁਰ ਵਿੱਚ 5.0 ਡਿਗਰੀ ਸੈਲਸੀਅਸ, ਸੋਲਨ ਵਿੱਚ 3.4 ਡਿਗਰੀ ਸੈਲਸੀਅਸ, ਮਨਾਲੀ ਵਿੱਚ 1.9 ਡਿਗਰੀ ਸੈਲਸੀਅਸ, ਕਾਂਗੜਾ ਵਿੱਚ 5.2 ਡਿਗਰੀ ਸੈਲਸੀਅਸ, ਮੰਡੀ ਵਿੱਚ 4.5 ਡਿਗਰੀ ਸੈਲਸੀਅਸ, ਬਿਲਾਸਪੁਰ ਵਿੱਚ 6.8 ਡਿਗਰੀ ਸੈਲਸੀਅਸ ਅਤੇ ਹਮੀਰਪੁਰ ਵਿੱਚ 4.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਾਂਗੜਾ, ਊਨਾ, ਮੰਡੀ, ਬਿਲਾਸਪੁਰ ਅਤੇ ਹਮੀਰਪੁਰ ਜ਼ਿਲ੍ਹਿਆਂ ਦੇ ਦੂਰ-ਦੁਰਾਡੇ ਇਲਾਕਿਆਂ ਲਈ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਹੈ। ਸੰਘਣੀ ਧੁੰਦ ਰਹੇਗੀ।