ਵਿਰੋਧੀ ਧਿਰ ਸੰਸਦ ’ਚ ਅਪਣੀ ਨਿਰਾਸ਼ਾ ਕੱਢ ਰਿਹੈ, ਇਹ ਡਰਾਮਾ ਕਰਨ ਦੀ ਥਾਂ ਨਹੀਂ
ਵਿਰੋਧੀ ਧਿਰ ਸੰਸਦ ਨੂੰ ਚੋਣ ਹਾਰ ਤੋਂ ਬਾਅਦ ‘ਨਿਰਾਸ਼ਾ ਕੱਢਣ ਦਾ ਮੰਚ’ ਬਣ ਰਿਹੈ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਿਰੋਧੀ ਧਿਰ ਉਤੇ ਵੱਡਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਸੰਸਦ ‘ਡਰਾਮਾ’ ਕਰਨ ਦੀ ਥਾਂ ਨਹੀਂ ਹੈ, ਇਹ ਕੰਮ ਕਰਨ ਦੀ ਥਾਂ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਵਿਰੋਧੀ ਧਿਰ ਸੰਸਦ ਨੂੰ ਚੋਣ ਹਾਰ ਤੋਂ ਬਾਅਦ ‘ਨਿਰਾਸ਼ਾ ਕੱਢਣ ਦਾ ਮੰਚ’ ਬਣ ਰਿਹਾ ਹੈ।
ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸੰਸਦ ਦੇ ਵਿਹੜੇ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਸ਼ਨ ਸਿਆਸੀ ਡਰਾਮੇ ਦੀ ਰੰਗਮੰਚ ਨਹੀਂ ਬਣਾਉਣਾ ਚਾਹੀਦਾ, ਬਲਕਿ ਇਹ ਰਚਨਾਤਮਕ ਅਤੇ ਨਤੀਜਾਮੁਖੀ ਬਹਿਸ ਦਾ ਮੰਚ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਵਿਰੋਧੀ ਧਿਰ ਚਾਹੇ ਤਾਂ ਉਹ ਉਸ ਨੂੰ ਸਿਆਸਤ ਵਿਚ ਸਾਕਾਰਾਤਮਕਤਾ ਲਿਆਉਣ ਦੇ ਕੁੱਝ ਸੁਝਾਅ ਦੇਣ ਨੂੰ ਤਿਆਰ ਹਨ।
ਮੋਦੀ ਨੇ ਸੰਸਦ ਦੀ ਕਾਰਵਾਈ ਰੋਕਣ ਲਈ ਵਿਰੋਧੀ ਧਿਰ ਉਤੇ ਨਿਸ਼ਾਨਾ ਲਾਉਂਦਿਆਂ ਕਿਹਾ, ‘‘ਸਾਨੂੰ ਜ਼ਿੰਮੇਵਾਰੀ ਦੀ ਭਾਵਨਾ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਸੰਸਦ ਡਰਾਮਾ ਕਰਨ ਦੀ ਥਾਂ ਨਹੀਂ ਹੈ, ਇਹ ਕੰਮ ਕਰਨ ਦੀ ਥਾਂ ਹੈ।’’ ਬਿਹਾਰ ਵਿਚ ਵੋਟਰ ਸੂਚੀ ਦੀ ਵਿਸ਼ੇਸ਼ ਸੋਧ (ਐਸ.ਆਈ.ਆਰ.) ਦਾ ਵਿਰੋਧ ਕਰ ਰਹੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਸੰਸਦ ਦੇ ਮਾਨਸੂਨ ਸੈਸ਼ਨ ਵਿਚ ਦੋਹਾਂ ਸਦਨਾਂ ਦੀ ਕਾਰਵਾਈ ਵਾਰ-ਵਾਰ ਮੁਲਤਵੀ ਹੋਈ ਸੀ। ਵਿਰੋਧੀ ਧਿਰ ਨੇ ਇਸ ਵਾਰੀ ਵੀ ਕਿਹਾ ਹੈ ਕਿ ਸੰਸਦ ਵਿਚ ਐਸ.ਆਈ.ਆਰ. ਦੇ ਮੁੱਦੇ ਉਤੇ ਚਰਚਾ ਉਸ ਦੀ ਪਹਿਲਾ ਹੈ ਅਤੇ ਉਹ ਅਪਣੀ ਮੰਗ ਸਰਦ ਰੁੱਤ ਸੈਸ਼ਨ ਵਿਚ ਪੁਰਜ਼ੋਰ ਤਰੀਕੇ ਨਾਲ ਚੁਕੇਗੀ।
ਮੋਦੀ ਨੇ ਕਿਹਾ ਕਿ ਕੁੱਝ ਸਮੇਂ ਤੋਂ ਸੰਸਦ ਦਾ ਪ੍ਰਯੋਗ ਜਾਂ ਤਾਂ ਚੋਣਾਂ ਲਈ ਕਥਿਤ ਤਿਆਰੀ ਲਈ ਜਾਂ ਚੋਣਾਂ ਵਿਚ ਹਾਰ ਮਗਰੋਂ ਅਪਣੀ ਨਿਰਾਸ਼ਾ ਕੱਢਣ ਲਈ ਕੀਤਾ ਜਾ ਰਿਹਾ ਹੈ। ਬਿਹਾਰ ਚੋਣਾਂ ਵਿਚ ਵਿਰੋਧੀ ਧਿਰ ਦੀ ਕਰਾਰੀ ਹਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਚੋਣ ਨਤੀਜਿਆਂ ਤੋਂ ਪ੍ਰੇਸ਼ਾਨ ਹੈ ਅਤੇ ਹਾਰ ਨੂੰ ਪਚਾ ਨਹੀਂ ਪਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਹਾਰ ਰੇੜਕਾ ਪੈਦਾ ਕਰਨ ਦਾ ਆਧਾਰ ਨਹੀਂ ਬਣਨਾ ਚਾਹੀਦਾ, ਅਤੇ ਜਿੱਤ ਵੀ ਹੰਕਾਰ ਵਿਚ ਨਹੀਂ ਬਦਲਣੀ ਚਾਹੀਦੀ।’’ ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਸੰਸਦ ਦੇ ਉਦੇਸ਼ ਨੂੰ ਸਮਝਣ ਅਤੇ ‘ਹਾਰ ਦੀ ਨਿਰਾਸ਼ਾ ਤੋਂ ਬਾਹਰ ਆਉਣ’ ਦੀ ਅਪੀਲ ਕੀਤੀ। ਸੰਸਦ ਦਾ ਸਰਦ ਰੁੱਤ ਇਜਲਾਸ ਅੱਜ ਤੋਂ ਸ਼ੁਰੂ ਹੋਇਆ ਅਤੇ ਇਸ ਵਿਚ 15 ਬੈਠਕਾਂ ਨਿਰਧਾਰਤ ਹਨ। (ਪੀਟੀਆਈ)
ਲੋਕਾਂ ਦੇ ਮਸਲਿਆਂ ਨੂੰ ਚੁਕਣਾ ਨਾਟਕ ਨਹੀਂ : ਪ੍ਰਿਅੰਕਾ ਗਾਂਧੀ
ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਸੰਸਦ ਵਿਚ ਲੋਕਾਂ ਲਈ ਅਹਿਮ ਮਸਲਿਆਂ ਨੂੰ ਚੁਕਣਾ ‘ਨਾਟਕ’ ਨਹੀਂ ਹੈ, ਬਲਕਿ ਇਨ੍ਹਾਂ ਉਤੇ ਚਰਚਾ ਦੀ ਇਜਾਜ਼ਤ ਨਹੀਂ ਦੇਣਾ ‘ਨਾਟਕ’ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ (ਐਸ.ਆਈ.ਆਰ.) ਅਤੇ ਹਵਾ ਪ੍ਰਦੂਸ਼ਣ ਵਰਗੇ ਅਹਿਮ ਮੁੱਦਿਆਂ ਉਤੇ ਸਦਨ ਵਿਚ ਚਰਚਾ ਹੋਣੀ ਚਾਹੀਦੀ ਹੈ। ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਮੈਂਬਰ ਪ੍ਰਿਅੰਕਾ ਗਾਂਧੀ ਨੇ ਸੰਸਦ ਦੇ ਵਿਹੜੇ ਵਿਚ ਪੱਤਰਕਾਰਾਂ ਨੂੰ ਕਿਹਾ, ‘‘ਸੰਸਦ ਕਿਸ ਲਈ ਹੈ? ਅਸੀਂ ਅਹਿਮ ਮੁੱਦਿਆਂ ਉਤੇ ਚਰਚਾ ਕਿਉਂ ਨਹੀਂ ਕਰ ਰਹੇ ਹਾਂ?’’ (ਪੀਟੀਆਈ)
ਪ੍ਰਧਾਨ ਮੰਤਰੀ ਨੇ ਫਿਰ ਡਰਾਮੇਬਾਜ਼ੀ ਕੀਤੀ ਹੈ : ਖੜਗੇ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਪਲਟਵਾਰ ਕਰਦਿਆਂ ਕਿਹਾ ਕਿ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨੇ ਸੰਸਦ ਸਾਹਮਣੇ ਮੁੱਖ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਫਿਰ ਤੋਂ ‘ਡਰਾਮੇਬਾਜ਼ੀ’ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹੁਣ ਧਿਆਨ ਭਟਕਾਉਣ ਦਾ ਨਾਟਕ ਖ਼ਤਮ ਕਰ ਕੇ ਜਨਤਾ ਦੇ ਅਸਲ ਮੁੱਦਿਆਂ ਉਤ ਸੰਸਦ ਵਿਚ ਚਰਚਾ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਮੋਦੀ ਵਲੋਂ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਨ ਉਤੇ ਪਲਟਵਾਰ ਕਰਦਿਆਂ ਖੜਗੇ ਨੇ ‘ਐਕਸ’ ਉਤੇ ਇਕ ਪੋਸਟ ਵਿਚ ਕਿਹਾ, ‘‘ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਸਾਹਮਣੇ ਮੁੱਖ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਫਿਰ ਤੋਂ ‘ਡਰਾਮੇਬਾਜ਼ੀ ਦੀ ਡਿਲੀਵਰੀ’ ਕੀਤੀ ਹੈ। ਸਚਾਈ ਇਹ ਹੈ ਕਿ ਸੰਸਦੀ ਮਰਿਆਦਾ ਅਤੇ ਸੰਸਦੀ ਪ੍ਰਣਾਲੀ ਨੂੰ ਪਿਛਲੇ 11 ਸਾਲ ਤੋਂ ਸਰਕਾਰ ਨੇ ਲਗਾਤਾਰ ਦਰੜਿਆ ਹੈ, ਉਸ ਦੀ ਲੰਮੀ ਸੂਚੀ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਪਿਛਲੇ ਮਾਨਸੂਨ ਸੈਸ਼ਨ ਵਿਚ ਹੀ ਘੱਟ ਤੋਂ ਘੱਟ 12 ਬਿਲ ਜਲਦਬਾਜ਼ੀ ਵਿਚ ਪਾਸ ਕਰ ਦਿਤੇ ਗਏ, ਕੁਝ 15 ਮਿੰਟਾਂ ਤੋਂ ਵੀ ਘੱਟ ਸਮੇਂ ’ਚ ਅਤੇ ਕੁਝ ਬਗੈਰ ਚਰਚਾ ਤੋਂ। ਪੂਰੇ ਦੇਸ਼ ਨੇ ਪਹਿਲਾਂ ਵੀ ਵੇਖਿਆ ਹੈ ਕਿਸ ਤਰ੍ਹਾਂ ਕਿਸਾਨ ਵਿਰੋਧੀ ਕਾਲੇ ਕਾਨੂੰਨ, ਜੀ.ਐਸ.ਟੀ., ਭਾਰਤੀ ਨਾਗਰਿਕ ਸੁਰਖਿਆ ਸੰਹਿਤਾ ਵਰਗੇ ਬਿਲ ਸੰਸਦ ਅੰਦਰ ਜਲਦਬਾਜ਼ੀ ’ਚ ਪਾਸ ਕਰਵਾਏ ਗਏ।’’ ਖੜਗੇ ਨੇ ਕਿਹਾ, ‘‘ਐਸ.ਆਈ.ਆਰ. ਦੀ ਪ੍ਰਕਿਰਿਆ ’ਚ ਕੰਮ ਦੇ ਬੋਝ ਕਾਰਨ ਬੀ.ਐਲ.ਓ. ਲਗਾਤਾਰ ਜਾਨ ਗੁਆ ਰਹੇ ਹਨ। ਵਿਰੋਧੀ ਧਿਰ, ‘ਵੋਟ ਚੋਰੀ’ ਸਮੇਤ ਹੋਰ ਮੁੱਦਿਆਂ ਨੂੰ ਪਹਿਲ ਦੇਣਾ ਚਾਹੁੰਦੇ ਹਨ ਅਤੇ ਸੰਸਦ ਵਿਚ ਅਸੀਂ ਇਸ ਨੂੰ ਲਗਾਤਾਰ ਚੁਕਾਂਗੇ।’’ ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਨੂੰ ਹੁਣ ਧਿਆਨ ਭਟਕਾਉਣ ਦਾ ਨਾਟਕ ਖ਼ਤਮ ਕਰਨਾ ਚਾਹੀਦਾ ਹੈ ਅਤੇ ਜਨਤਾ ਦੇ ਅਸਲ ਮੁੱਦਿਆਂ ਉਤੇ ਸੰਸਦ ਵਿਚ ਚਰਚਾ ਕਰਨੀ ਚਾਹੀਦੀ ਹੈ।