ਕਰਨਾਟਕ 'ਚ ਸਰਕਾਰ ਡੇਗਣ ਲਈ ਭਾਜਪਾ ਦੀਆਂ ਨਵੀਆਂ ਕੋਸ਼ਿਸ਼ਾਂ: ਉਪ ਮੁੱਖ ਮੰਤਰੀ
ਕਰਨਾਟਕ ਦੇ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਨੇ ਦੋਸ਼ ਲਾਇਆ ਕਿ ਭਾਜਪਾ ਰਾਜ ਵਿਚ ਜੇਡੀਐਸ-ਕਾਂਗਰਸ ਗਠਜੋੜ ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਕਰਨ ਦੀ ਨਵੇਂ ਸਿਰੇ ਤੋਂ ਕੋਸ਼ਿਸ਼....
ਬੰਗਲੌਰ : ਕਰਨਾਟਕ ਦੇ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਨੇ ਦੋਸ਼ ਲਾਇਆ ਕਿ ਭਾਜਪਾ ਰਾਜ ਵਿਚ ਜੇਡੀਐਸ-ਕਾਂਗਰਸ ਗਠਜੋੜ ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਕਰਨ ਦੀ ਨਵੇਂ ਸਿਰੇ ਤੋਂ ਕੋਸ਼ਿਸ਼ ਕਰ ਰਹੀ ਹੈ ਪਰ ਉਹ ਇਸ ਵਿਚ ਸਫ਼ਲ ਨਹੀਂ ਹੋਵੇਗੀ। ਸਰਕਾਰ ਡੇਗਣ ਦੀ ਕਥਿਤ ਖੇਡ ਸਬੰਧੀ ਭਾਜਪਾ ਅਤੇ ਕਾਂਗਰਸ ਵਿਚਾਲੇ ਸ਼ਬਦੀ ਜੰਗ ਤੇਜ਼ ਹੋਣ 'ਤੇ ਪਰਮੇਸ਼ਵਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਨਾਰਾਜ਼ ਵਿਧਾਇਕਾਂ ਦੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਦਾ ਪ੍ਰਬੰਧ ਕਰਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਪ ਮੁੱਖ ਮੰਤਰੀ ਨੇ ਕਿਹਾ, 'ਭਾਜਪਾ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਵਿਚ ਮਾਹਰ ਹੈ।
ਉਹ ਪਿਛਲੇ ਵਾਰ ਇਸ ਨੂੰ ਸਾਬਤ ਕਰ ਚੁੱਕੇ ਹਨ। ਇਸ ਵਾਰ ਉਨ੍ਹਾਂ ਕੋਸ਼ਿਸ਼ ਕੀਤੀ ਪਰ ਉਹ ਅਪਣੀ ਕੋਸ਼ਿਸ਼ ਵਿਚ ਨਾਕਾਮ ਰਹੇ। ਇਕ ਵਾਰ ਫਿਰ ਉਹ ਨਵੇਂ ਸਿਰਿਉਂ ਕੋਸ਼ਿਸ਼ ਕਰ ਰਹੇ ਹਨ।' ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਕੁੱਝ ਵਿਧਾਇਕਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਉਨ੍ਹਾਂ ਨਾਮ ਦੱਸਣ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਕਿਹਾ, 'ਸਾਨੂੰ ਪਤਾ ਹੈ ਕਿ ਉਹ ਕੋਸ਼ਿਸ਼ਾਂ ਕਰ ਰਹੇ ਹਨ ਪਰ ਉਹ ਸਫ਼ਲ ਨਹੀਂ ਹੋਣਗੇ। ਸਰਕਾਰ ਸੁਰੱਖਿਅਤ ਹੈ ਅਤੇ ਦਹਿਸ਼ਤ ਵਿਚ ਆਉਣ ਦੀ ਕੋਈ ਲੋੜ ਨਹੀਂ।' ਭਾਜਪਾ ਨੇ ਕਲ ਕਿਹਾ ਸੀ ਕਿ ਉਹ ਕਰਨਾਟਕ ਵਿਚ ਸਰਕਾਰ ਡੇਗਣ ਦੀ ਕੋਸ਼ਿਸ਼ ਨਹੀਂ ਕਰ ਰਹੀ। (ਏਜੰਸੀ)