ਨਵੇਂ ਸਾਲ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨੋਟਬੰਦੀ ਤੇ ਜੀ.ਐਸ.ਟੀ. ਦੇ ਬਚਾਅ ਵਿਚ ਨਿਤਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਮ ਮੰਦਰ ਬਾਰੇ ਆਰਡੀਨੈਂਸ ਨਹੀਂ ਲਿਆਵਾਂਗੇ, ਅਦਾਲਤੀ ਫ਼ੈਸਲੇ ਦੀ ਉਡੀਕ ਕਰਾਂਗੇ.....

Narendra Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਰਾਮ ਮੰਦਰ ਦਾ ਨਿਰਮਾਣ ਸੰਵਿਧਾਨਕ ਢਾਂਚੇ ਤਹਿਤ ਹੀ ਹੋਵੇਗਾ ਅਤੇ ਇਸ ਸਬੰਧੀ ਕੋਈ ਆਰਡੀਨੈਂਸ ਨਹੀਂ ਲਿਆਂਦਾ ਜਾਵੇਗਾ। ਉਨ੍ਹਾਂ ਕਿਸੇ ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਇਹ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਮੰਦਰ ਦਾ ਨਿਰਮਾਣ ਕਾਨੂੰਨੀ ਕਵਾਇਦ ਤਹਿਤ ਹੀ ਹੋਵੇਗਾ। ਇਸ ਮਾਮਲੇ ਵਿਚ ਆਰਡੀਨੈਂਸ ਨਹੀਂ ਲਿਆਂਦਾ ਜਾਵੇਗਾ। ਸਿਰਫ਼ ਅਦਾਲਤ ਦੇ ਫ਼ੈਸਲੇ ਦੀ ਉਡੀਕ ਕੀਤੀ ਜਾਵੇਗੀ ਤੇ ਸਾਰਾ ਕੰਮ ਕਾਨੂੰਨੀ ਢਾਂਚੇ ਤਹਿਤ ਹੀ ਹੋਵੇਗਾ। ਸਰਜੀਕਲ ਹਮਲੇ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੋਦੀ ਨੇ ਕਿਹਾ ਕਿ ਇਸ ਦਾ ਰਾਜਨੀਤੀਕਰਨ ਨਹੀਂ ਹੋਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਖ਼ੁਦ ਫ਼ੌਜ ਨੇ ਇਸ ਹਮਲੇ ਦੀ ਜਾਣਕਾਰੀ ਦਿਤੀ ਸੀ। ਉਨ੍ਹਾਂ ਕਿਹਾ ਕਿ ਫ਼ੌਜ ਉਤੇ ਮਾਣ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਜੀਕਲ ਹਮਲੇ ਦਾ ਵੱਡਾ ਜੋਖਮ ਸੀ ਤੇ ਉਨ੍ਹਾਂ ਨੂੰ ਫ਼ੌਜੀਆ ਦਾ ਬਹੁਤ ਫ਼ਿਕਰ ਸੀ। ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਕੁੱਝ ਲੋਕ ਪਾਕਿਸਤਾਨ ਦੀ ਬੋਲੀ ਬੋਲਦੇ ਹਨ। ਫ਼ੌਜ ਦੀ ਕਾਰਗੁਜ਼ਾਰੀ 'ਤੇ ਵਿਰੋਧੀ ਪਾਰਟੀ ਦੇ ਕੁੱਝ ਆਗੂਆਂ ਨੇ ਹੀ ਸਵਾਲ ਉਠਾ ਦਿਤੇ ਸਨ। ਜੀਐਸਟੀ ਬਾਰੇ ਮੋਦੀ ਨੇ ਕਿਹਾ ਕਿ ਟੈਕਸ ਦੇਣ ਵਾਲਿਆਂ ਦੀ ਗਿਣਤੀ ਵਧੀ ਹੈ, ਇਹ ਸਾਡੀ ਸਫ਼ਲਤਾ ਹੈ।

ਉਨ੍ਹਾਂ ਕਿਹਾ, 'ਆਰਥਕ ਅਪਰਾਧੀਆਂ ਨੂੰ ਭਜਣਾ ਪਿਆ, ਇਸ ਲਈ ਭਜਣਾ ਪਿਆ ਕਿਉਂਕਿ ਕਾਨੂੰਨ ਦੀ ਪਾਲਣਾ ਕਰਨੀ ਪਵੇਗੀ। ਅਪਰਾਧੀਆਂ ਨੂੰ ਲਿਆਉਣ ਲਈ ਅੰਤਰਰਾਸ਼ਟਰੀ ਕਾਨੂੰਨ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਦੀ ਸੰਪਤੀ ਜ਼ਬਤ ਕਰਨ ਦਾ ਕਾਨੂੰਨ ਬਣਾਇਆ ਗਿਆ ਹੈ। ਅੱਜ ਨਹੀਂ ਤਾਂ ਕਲ ਕਦੇ ਨਾ ਕਦੇ ਆਉਣਗੇ। 
ਜੀਐਸਟੀ ਨੂੰ ਗੱਬਰ ਸਿੰਘ ਟੈਕਸ ਬੋਲਣ ਦੇ ਸਵਾਲ 'ਤੇ ਉਨ੍ਹਾਂ ਕਿਹਾ, 'ਜਿਸ ਦੀ ਜਿਹੋ ਜਿਹੀ ਸੋਚ, ਉਸ ਦੇ ਉਸੇ ਤਰ੍ਹਾਂ ਦੇ ਸ਼ਬਦ ਹੁੰਦੇ ਹਨ।

ਜੀਐਸਟੀ ਸਦਕਾ ਸਮਾਨ 'ਤੇ ਟੈਕਸ ਘਟਿਆ ਹੈ। ਪਹਿਲਾਂ ਹਰ ਸਮਾਨ 'ਤੇ ਟੈਕਸ ਲਗਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਿਰਫ਼ ਕਰਜ਼ਾਮਾਫ਼ੀ ਨਾਲ ਕਿਸਾਨਾਂ ਦਾ ਭਲਾ ਨਹੀਂ ਹੋਵੇਗਾ। ਹਾਲਤ ਅਜਿਹੀ ਬਣਾਉਣੀ ਚਾਹੀਦੀ ਹੈ ਕਿ ਕਿਸਾਨ ਕਰਜ਼ਾ ਨਾ ਲਵੇ। (ਏਜੰਸੀ)

ਗੱਲਬਾਤ ਤੇ ਅਤਿਵਾਦ ਨਾਲੋ-ਨਾਲ ਨਹੀਂ
ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਗੱਲਬਾਤ ਅਤੇ ਅਤਿਵਾਦ ਨਾਲੋ-ਨਾਲ ਨਹੀਂ ਚੱਲ ਸਕਦੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਸੁਧਰਨ ਵਿਚ ਹਾਲੇ ਸਮਾਂ ਲੱਗੇਗਾ। ਇਹ ਸੋਚਣਾ ਭੁੱਲ ਹੋਵੇਗੀ ਕਿ ਇਕ ਲੜਾਈ ਨਾਲ ਪਾਕਿਸਤਾਨ ਸੁਧਰ ਜਾਵੇਗਾ। 

ਨੋਟਬੰਦੀ ਕੋਈ ਝਟਕਾ ਨਹੀਂ ਸੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਨੋਟਬੰਦੀ ਕੋਈ ਝਟਕਾ ਨਹੀਂ ਸੀ। ਉਨ੍ਹਾਂ ਕਿਹਾ, 'ਅਸੀਂ ਇਕ ਸਾਲ ਪਹਿਲਾਂ ਹੀ ਲੋਕਾਂ ਨੂੰ ਦੱਸ ਦਿਤਾ ਸੀ ਕਿ ਜੇ ਉਨ੍ਹਾਂ ਕੋਲ ਕਾਲਾ ਧਨ ਹੈ ਤਾਂ ਜਮ੍ਹਾਂ ਕਰਾ ਦਿਉ, ਕੁੱਝ ਜੁਰਮਾਨਾ ਦੇ ਦਿਉ ਪਰ ਉਨ੍ਹਾਂ ਨੂੰ ਲੱਗਾ ਕਿ ਮੋਦੀ ਵੀ ਬਾਕੀਆਂ ਵਾਂਗ ਐਵੇਂ ਹੀ ਬੋਲ ਰਹੇ ਹਨ।

ਭੀੜ ਦੁਆਰਾ ਹਤਿਆ ਗ਼ਲਤ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭੀੜ ਦੁਆਰਾ ਕੁੱਟ-ਕੁੱਟ ਕੇ ਹਤਿਆ ਕਰਨ ਦੀਆਂ ਘਟਨਾਵਾਂ ਗ਼ਲਤ ਹਨ, ਸਮਾਜ ਨੂੰ ਸ਼ੋਭਾ ਨਹੀਂ ਦਿੰਦੀਆਂ ਪਰ ਕੀ ਅਜਿਹਾ 2014 ਮਗਰੋਂ ਹੀ ਹੋਇਆ? ਇਹ ਸਮਾਜ ਦੇ ਅੰਦਰੋਂ ਹੋਇਆ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਸਾਨੂੰ ਦੂਜਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।