ਭਾਰਤ ਅਤੇ ਪਾਕਿਸਤਾਨ ਨੇ ਕੈਦੀਆਂ ਅਤੇ ਪ੍ਰਮਾਣੂ ਟਿਕਾਣਿਆਂ ਦੀ ਸੂਚੀ ਸਾਂਝੀ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਤੇ ਪਾਕਿਸਤਾਨ ਨੇ ਦੁਵੱਲੇ ਸਮਝੌਤੇ ਤਹਿਤ ਇਕ ਦੂਜੇ ਦੀਆਂ ਜੇਲਾਂ ਵਿਚ ਬੰਦ ਕੈਦੀਆਂ ਤੇ ਪਰਮਾਣੂ ਟਿਕਾਣਿਆਂ ਦੀ ਸੂਚੀ ਸਾਂਝੀ ਕੀਤੀ......

India and Pakistan share a list of inmates and nuclear places

ਨਵੀਂ ਦਿੱਲੀ : ਭਾਰਤ ਤੇ ਪਾਕਿਸਤਾਨ ਨੇ ਦੁਵੱਲੇ ਸਮਝੌਤੇ ਤਹਿਤ ਇਕ ਦੂਜੇ ਦੀਆਂ ਜੇਲਾਂ ਵਿਚ ਬੰਦ ਕੈਦੀਆਂ ਤੇ ਪਰਮਾਣੂ ਟਿਕਾਣਿਆਂ ਦੀ ਸੂਚੀ ਸਾਂਝੀ ਕੀਤੀ। ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਭਾਰਤ ਨੇ 347 ਪਾਕਿਸਤਾਨ ਕੈਦੀਆਂ ਦੀ ਸੂਚੀ ਦੁਵੱਲੇ ਸਮਝੌਤੇ ਦੇ ਪ੍ਰਾਵਧਾਨਾਂ ਤਹਿਤ ਪਾਕਿਸਤਾਨ ਨਾਲ ਸਾਂਝੀ ਕੀਤੀ। ਮੰਤਰਾਲੇ ਦੇ ਦਸਿਆ ਕਿ ਇਨ੍ਹਾਂ ਕੈਦੀਆਂ ਵਿਚ 98 ਮਛੇਰੇ ਅਤੇ 249 ਕੈਦੀ ਸ਼ਾਮਲ ਹਨ। ਪਾਕਿਸਤਾਨ ਨੇ ਅਪਣੀਆਂ ਜੇਲਾਂ ਵਿਚ ਬੰਦ 537 ਕੈਦੀਆਂ ਦੀ ਵੀ ਸੂਚੀ ਭਾਰਤ ਨਾਲ ਸਾਂਝੀ ਕੀਤੀ। ਇਨ੍ਹਾਂ ਕੈਦੀਆਂ ਵਿਚ 483 ਮਛੇਰੇ ਅਤੇ 54 ਹੋਰ ਲੋਕ ਹਨ।

ਵਿਦੇਸ਼ ਮੰਤਰਾਲੇ ਨੇ ਦਸਿਆ ਕਿ ਸਰਕਾਰ ਨੇ ਨਾਗਰਿਕ ਕੈਦੀਆਂ, ਗੁਮਸ਼ੁਦਾ ਭਾਰਤੀ ਰਖਿਆ ਮੁਲਾਜ਼ਮਾਂ, ਮਛੇਰਿਆਂ ਅਤੇ ਕਿਸ਼ਤੀਆਂ ਨੂੰ ਛੇਤੀ ਛੱਡਣ ਲਈ ਕਿਹਾ ਹੈ। ਇਸ ਸੰਦਰਭ ਵਿਚ ਉਨ੍ਹਾਂ 17 ਭਾਰਤੀ ਨਾਗਰਿਕ ਕੈਦੀਆਂ ਤੇ 369 ਮਛੇਰਿਆਂ ਨੂੰ ਰਿਹਾਅ ਕਰਨ ਵਿਚ ਤੇਜ਼ੀ ਲਿਆਉਣ ਲਈ ਕਿਹਾ ਹੈ ਜਿਨ੍ਹਾਂ ਦੀ ਨਾਗਰਿਕਤਾ ਦੀ ਪੁਸ਼ਟੀ ਹੋ ਚੁੱਕੀ ਹੈ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਕੈਦੀਆਂ ਲਈ ਰਾਜਨਾਇਕ ਪਹੁੰਚ ਯਕੀਨੀ ਕਰਨ ਲਈ ਵੀ ਕਿਹਾ ਗਿਆ ਹੈ। 

ਇਸ ਤੋਂ ਇਲਾਵਾ ਪਾਕਿਸਤਾਨ ਨੂੰ ਉਨ੍ਹਾਂ ਦੇ 80 ਕੈਦੀਆਂ ਦੇ ਮਾਮਲੇ ਵਿਚ ਤੇਜ਼ੀ ਨਾਲ ਜਵਾਬ ਦੇਣ ਲਈ ਕਿਹਾ ਗਿਆ ਹੈ ਜਿਨ੍ਹਾਂ ਅਪਣੀ ਸਜ਼ਾ ਪੂਰੀ ਕਰ ਲਈ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ 21 ਮਈ 2008 ਨੂੰ ਹੋਏ ਸਮਝੌਤੇ ਤਹਿਤ ਇਹ ਕਦਮ ਚੁਕਿਆ ਗਿਆ ਹੈ। ਸਮਝੌਤੇ ਤਹਿਤ ਦੋਹਾਂ ਦੇਸ਼ਾਂ ਨੂੰ ਹਿਰਾਸਤ ਵਿਚ ਮੌਜੂਦ ਕੈਦੀਆਂ ਦੀ ਸੂਚੀ ਇਕ ਸਾਲ ਵਿਚ ਦੋ ਵਾਰ ਇਕ ਜਨਵਰੀ ਅਤੇ ਇਕ ਜੁਲਾਈ ਨੂੰ ਇਕ ਦੂਜੇ ਨਾਲ ਸਾਂਝੀ ਕਰਨੀ ਪੈਂਦੀ ਹੈ। ਦੋਵੇਂ ਦੇਸ਼ ਵਾਰ ਵਾਰ ਤਣਾਅ ਦੇ ਬਾਵਜੂਦ ਕੈਦੀਆਂ ਦੀ ਸੂਚੀ ਸਾਂਝੀ ਕਰਨ ਦੀ ਰਵਾਇਤ ਦੀ ਪਾਲਣਾ ਕਰਦੇ ਰਹੇ ਹਨ। (ਏਜੰਸੀ)