''ਰਾਮ ਕੋਈ ਭਗਵਾਨ ਨਹੀਂ ਬਲਕਿ ਕਮਜ਼ੋਰ ਇਨਸਾਨ ਸੀ'' : ਕੇ.ਐਸ ਭਗਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਵਿਚ ਇਕ ਲੇਖਕ ਵਲੋਂ ਅਪਣੀ ਕਿਤਾਬ ਵਿਚ ਸ੍ਰੀਰਾਮ ਵਿਰੁਧ ਗ਼ਲਤ ਸ਼ਬਦਾਵਲੀ ਵਰਤਣ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ....

KS Bhagwan

ਨਵੀਂ ਦਿੱਲੀ : ਕਰਨਾਟਕ ਵਿਚ ਇਕ ਲੇਖਕ ਵਲੋਂ ਅਪਣੀ ਕਿਤਾਬ ਵਿਚ ਸ੍ਰੀਰਾਮ ਵਿਰੁਧ ਗ਼ਲਤ ਸ਼ਬਦਾਵਲੀ ਵਰਤਣ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਜਿਸ ਤੋਂ ਬਾਅਦ ਕਿਤਾਬ ਦੇ ਲੇਖਕ ਵਿਰੁਧ ਆਈਪੀਸੀ ਦੀ ਧਾਰਾ 295 ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਮਸ਼ਹੂਰ ਲੇਖਕ ਕੇ ਐਸ ਭਗਵਾਨ ਨੇ ਕੰਨੜ ਭਾਸ਼ਾ ਵਿਚ ਲਿਖੀ ਅਪਣੀ ਕਿਤਾਬ ਵਿਚ ਦਾਅਵਾ ਕੀਤਾ ਹੈ ਕਿ ''ਰਾਮ ਕੋਈ ਭਗਵਾਨ ਨਹੀਂ ਸਨ  ਬਲਕਿ ਉਹ ਆਮ ਮਨੁੱਖਾਂ ਵਾਂਗ ਕਮਜ਼ੋਰੀਆਂ ਦੇ ਸ਼ਿਕਾਰ ਸਨ।'' ਇਸ ਕਿਤਾਬ ਦਾ ਨਾਮ ''ਰਾਮ ਮੰਦਰਾ ਯੇਕੇ ਬੇਦਾ'' ਹੈ, ਜਿਸ ਦਾ ਮਤਲਬ ਹੈ ''ਕਿਉਂ ਰਾਮ ਮੰਦਰ ਦੀ ਨਹੀਂ ਹੈ ਜ਼ਰੂਰਤ''। 

ਲੇਖਕ ਦੀਆਂ ਇਨ੍ਹਾਂ ਟਿੱਪਣੀਆਂ ਵਿਰੁਧ ਹਿੰਦੂ ਜਾਗਰਣ ਵੇਦਿਕੇ ਮੈਸੁਰੂ ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਹੇਬਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੇ ਨਾਲ ਹੀ ਕੱਟੜਪੰਥੀ ਸੰਗਠਨਾਂ ਨੇ ਲੇਖਕ ਦੇ ਵਿਰੁਧ ਰੋਸ ਪ੍ਰਦਰਸ਼ਨ ਵੀ ਕੀਤਾ। ਭਾਜਪਾ ਨੇ ਵੀ ਇਸ ਨੂੰ ਲੈ ਕੇ ਵਿਰੋਧ ਕੀਤਾ ਹੈ ਅਤੇ ਮੁੱਖ ਮੰਤਰੀ ਕੁਮਾਰਸਵਾਮੀ ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਲੇਖਕ ਨੂੰ ਜੇਲ੍ਹ ਭੇਜੋ ਜਾਂ ਫਿਰ ਮੈਂਟਲ ਹਸਪਤਾਲ। ਇਸ ਸਾਰੇ ਵਿਵਾਦ ਦੇ ਵਿਚਕਾਰ ਲੇਖਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਤਾਬ ਵਿਚ ਕੁੱਝ ਵੀ ਗ਼ਲਤ ਨਹੀਂ ਹੈ

, ਇਹ ਵਾਲਮੀਕਿ ਰਮਾਇਣ 'ਤੇ ਅਧਾਰਤ ਹੈ, ਪਰ ਹਿੰਦੂ ਸੰਗਠਨਾਂ ਵਲੋਂ ਲੇਖਕ ਦੇ ਘਰ ਅੱਗੇ ਵੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਲੇਖਕ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਦਸ ਦਈਏ ਕਿ ਲੇਖਕ ਇਸ ਤੋਂ ਪਹਿਲਾਂ ਵੀ ਸ੍ਰੀਰਾਮ 'ਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਚੁੱਕੇ ਹਨ।