ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਦਾ ਵੱਡਾ ਐਲਾਨ -ਪੂਰੇ ਭਾਰਤ ’ਚ ਮੁਫਤ ਦਿੱਤੀ ਜਾਵੇਗੀ ਕੋਰੋਨਾ ਵੈਕਸੀਨ
ਕੋਰੋਨਾ ਟੀਕਾ ਸਿਰਫ ਦਿੱਲੀ ਹੀ ਨਹੀਂ ਬਲਕਿ ਦੇਸ਼ ਭਰ ਦੇ ਹਰ ਭਾਰਤੀ ਨੂੰ ਮੁਫਤ ਦਿੱਤਾ ਜਾਵੇਗਾ।
ਨਵੀਂ ਦਿੱਲੀ - ਦੇਸ਼ ਵਿਚ ਕੋਰੋਨਾ ਟੀਕੇ ਦੀ ਡਰਾਈ ਰਨ ਸ਼ੁਰੂ ਹੋ ਹੋ ਗਿਆ ਹੈ ਤੇ ਇਸ ਵਿਚਕਾਰ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਟੀਕਾ ਪੂਰੇ ਦੇਸ਼ ਵਿਚ ਮੁਫਤ ਲਗਾਇਆ ਜਾਵੇਗਾ। ਦਿੱਲੀ ਵਿੱਚ ਕੋਰੋਨਾ ਟੀਕਾਕਰਣ ਦੇ ਡਰਾਈ ਰਨ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸ਼ਵਰਧਨ ਨੇ ਕਿਹਾ ਕਿ ਸਿਰਫ ਦਿੱਲੀ ਹੀ ਨਹੀਂ, ਪੂਰੇ ਦੇਸ਼ ਵਿੱਚ ਕੋਰੋਨਾ ਟੀਕਾ ਮੁਫਤ ਵਿੱਚ ਲਗਾਇਆ ਜਾਵੇਗਾ।
ਜਾਣਕਾਰੀ ਅਨੁਸਾਰ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਕੋਰੋਨਾ ਟੀਕੇ ਦੀ ਡਰਾਈ ਰਨ ਦੌਰੇ ਦਾ ਜਾਇਜ਼ਾ ਲੈਣ ਲਈ ਦਿੱਲੀ ਦੇ ਜੀਟੀਬੀ ਹਸਪਤਾਲ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘ਕੋਰੋਨਾ ਟੀਕਾ ਸਿਰਫ ਦਿੱਲੀ ਹੀ ਨਹੀਂ ਬਲਕਿ ਦੇਸ਼ ਭਰ ਦੇ ਹਰ ਭਾਰਤੀ ਨੂੰ ਮੁਫਤ ਦਿੱਤਾ ਜਾਵੇਗਾ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਫਵਾਹਾਂ ਨੂੰ ਨਜ਼ਰ ਅੰਦਾਜ਼ ਨਾ ਕਰਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਵੀ ਲੋਕਾਂ ਨੂੰ ਟੀਕੇ ਬਾਰੇ ਅਫਵਾਹਾਂ ਤੋਂ ਬਚਣ ਦੀ ਅਪੀਲ ਕਰ ਚੁੱਕੇ ਹਨ। ਟੀਕੇ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣਾ ਸਾਡੀ ਪਹਿਲੀ ਤਰਜੀਹ ਹੈ। ਪੋਲੀਓ ਦੇ ਖਾਤਮੇ ਲਈ ਟੀਕਾਕਰਨ ਸਮੇਂ ਹਰ ਤਰ੍ਹਾਂ ਦੀਆਂ ਅਫਵਾਹਾਂ ਫੈਲੀਆਂ ਸਨ ਪਰ ਲੋਕਾਂ ਨੇ ਟੀਕਾ ਲਗਵਾ ਲਿਆ ਅਤੇ ਹੁਣ ਭਾਰਤ ਪੋਲੀਓ ਮੁਕਤ ਹੈ।