ਆਵਾਰਾ ਕੁੱਤਿਆਂ ਨੇ 4 ਸਾਲਾ ਮਾਸੂਮ ਨੂੰ ਨੋਚਿਆ, ਹਾਲਤ ਗੰਭੀਰ
ਰਸਤੇ 'ਚ ਜਾਂਦੇ ਰਾਹਗੀਰ ਨੇ ਮਾਸੂਮ ਨੂੁੰ ਬਚਾਇਆ
ਭੋਪਾਲ (ਮੱਧ ਪ੍ਰਦੇਸ਼) : ਸ਼ਹਿਰ ਦੇ ਬਾਗ ਸੇਵਾਨੀਆ ਇਲਾਕੇ 'ਚ ਸ਼ਨੀਵਾਰ ਸ਼ਾਮ ਨੂੰ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ, ਜਿਸ 'ਚ ਅਵਾਰਾ ਕੁੱਤਿਆਂ ਦੇ ਇਕ ਸਮੂਹ ਨੇ 4 ਸਾਲ ਦੀ ਬੱਚੀ ਨੂੰ ਨੋਚ ਲਿਆ। ਸੂਤਰਾਂ ਨੇ ਦੱਸਿਆ ਕਿ ਲੜਕੀ ਗੰਭੀਰ ਜਖ਼ਮੀ ਹੈ ਅਤੇ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਐਤਵਾਰ ਨੂੰ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਆਵਾਰਾ ਕੁੱਤਿਆਂ ਦੇ ਇੱਕ ਸਮੂਹ ਵੱਲੋਂ ਲੜਕੀ ਦਾ ਪਿੱਛਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਲੜਕੀ ਨੂੰ ਘੇਰਾ ਪਾਇਆ ਤੇ ਨੋਚਣਾ ਸ਼ੁਰੂ ਕੀਤਾ।
ਘਟਨਾ ਨੂੰ ਦੇਖ ਕੇ ਇਕ ਰਾਹਗੀਰ ਨੇ ਕੁੱਤਿਆਂ 'ਤੇ ਪਥਰਾਅ ਕੀਤਾ ਅਤੇ ਬੱਚੀ ਨੂੰ ਬਚਾਇਆ। ਰਿਪੋਰਟਾਂ ਮੁਤਾਬਕ ਉਸਾਰੀ ਵਾਲੀ ਥਾਂ 'ਤੇ ਕੰਮ ਕਰਦੇ ਮਜ਼ਦੂਰ ਦੀ ਲੜਕੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਕਿ ਪੰਜ ਆਵਾਰਾ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਸ਼ਹਿਰ ਵਿਚ ਇਸ ਤਰ੍ਹਾਂ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਸ਼ਹਿਰ ਵਿਚ ਆਵਾਰਾ ਕੁੱਤਿਆਂ ਦਾ ਦਹਿਸ਼ਤ ਬਣਿਆ ਹੋਇਆ ਹੈ ਪਰ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਹੀ ਨਗਰ ਨਿਗਮ ਹਰਕਤ ਵਿਚ ਆ ਗਿਆ ਹੈ। ਆਵਾਰਾ ਕੁੱਤਿਆਂ ਨੇ ਪਿਛਲੇ ਸਾਲ ਵੀ ਕੋਹ-ਏ-ਫਿਜ਼ਾ 'ਚ ਸੱਤ ਸਾਲ ਦੀ ਬੱਚੀ ਨੂੰ ਵੱਢਿਆ ਸੀ। 2019 ਵਿਚ, ਪੁਰਾਣੇ ਸ਼ਹਿਰ ਦੇ ਖੇਤਰਾਂ ਵਿਚ ਇੱਕ ਛੇ ਸਾਲ ਦੇ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ ਸੀ।