ਨਵੇਂ ਸਾਲ 'ਤੇ ਪੁਲਿਸ ਦੇ ਨਾਕੇ ਹੋਏ ਫੇਲ੍ਹ, ਮਨੀਮਾਜਰੇ 'ਚ ਕਾਰ ਲੁੱਟ ਕੇ ਭੱਜੇ ਲੁਟੇਰੇ
ਇਸ ਘਟਨਾ ਨੇ ਇਕ ਵਾਰ ਫਿਰ ਪੁਲਿਸ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ
ਚੰਡੀਗੜ੍ਹ: ਇਕ ਪਾਸੇ ਚੰਡੀਗੜ੍ਹ 'ਚ ਨਵੇਂ ਸਾਲ ਦੇ ਜਸ਼ਨਾਂ 'ਤੇ ਸ਼ਹਿਰ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਲਈ 2000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਸਨ, ਉਥੇ ਹੀ ਮਨੀਮਾਜਰਾ 'ਚ ਬੰਦੂਕ ਦੀ ਨੋਕ 'ਤੇ ਕਾਰ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਹਥਿਆਰਬੰਦ ਲੁਟੇਰੇ ਨੇ ਜੋੜੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਇਸ ਘਟਨਾ ਨੇ ਇਕ ਵਾਰ ਫਿਰ ਪੁਲਿਸ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਨੇ ਨਵੇਂ ਸਾਲ 'ਤੇ 9 ਬਾਹਰੀ ਅਤੇ 43 ਅੰਦਰੂਨੀ ਨਾਕਿਆਂ ਦਾ ਦਾਅਵਾ ਕੀਤਾ ਸੀ। ਵੱਖ-ਵੱਖ ਥਾਵਾਂ 'ਤੇ ਨਾਕੇ ਲਗਾਉਣ ਦੀ ਗੱਲ ਵੀ ਹੋਈ। ਮਨੀਮਾਜਰਾ ਥਾਣੇ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 392 (ਡਕੈਤੀ) ਅਤੇ 397 ਅਤੇ 506 (ਧਮਕਾਉਣਾ) ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ। ਦੱਸ ਦੇਈਏ ਕਿ ਮੁਹਾਲੀ 'ਚ ਪਿਛਲੇ ਡੇਢ ਮਹੀਨੇ 'ਚ ਕਾਰ ਲੁੱਟਣ ਦੀਆਂ 7 ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ।
ਮਾਮਲੇ ਵਿੱਚ ਸ਼ਿਕਾਇਤਕਰਤਾ ਸੰਮੀ ਕੁਮਾਰ ਸ੍ਰੀਵਾਸਤਵ ਵਾਸੀ ਢਕੋਲੀ, ਜ਼ੀਰਕਪੁਰ ਆਪਣੀ ਪਤਨੀ ਰੁਬੀਨਾ ਨਾਲ ਨਵੇਂ ਸਾਲ 'ਤੇ ਮਨੀਮਾਜਰਾ ਸਥਿਤ ਐੱਨਏਸੀ 'ਚ ਖਰੀਦਦਾਰੀ ਕਰਨ ਗਿਆ ਸੀ। ਉਸ ਨੇ ਆਪਣੀ ਲਾਲ ਰੰਗ ਦੀ ਬ੍ਰੀਜ਼ਾ SUV ਤਨਿਸ਼ਕ ਜਵੈਲਰਜ਼ ਦੇ ਸ਼ੋਅਰੂਮ ਨੇੜੇ ਪਾਰਕ ਕੀਤੀ ਸੀ।ਜਿਸ ਦਾ ਕਰਨਾਟਕ ਦਾ ਨੰਬਰ ਸੀ। ਸ਼ਾਮ ਨੂੰ 8:45 ਵਜੇ ਜਦੋਂ ਉਹ ਕਾਰ ਵਿੱਚ ਬੈਠਣ ਲੱਗਾ ਤਾਂ ਲੁਟੇਰਿਆਂ ਨੇ ਪਿੱਛਿਓਂ ਪਿਸਤੌਲ ਤਾਣ ਕੇ ਉਸ ਨੂੰ ਕਾਰ ਵਿੱਚੋਂ ਬਾਹਰ ਨਿਕਲਣ ਲਈ ਕਿਹਾ। ਜਾਨ ਨੂੰ ਖਤਰਾ ਮਿਲਣ 'ਤੇ ਪਤੀ-ਪਤਨੀ ਨੇ ਵਿਰੋਧ ਨਹੀਂ ਕੀਤਾ ਅਤੇ ਲੁਟੇਰੇ ਕਾਰ ਖੋਹ ਕੇ ਲੈ ਗਏ।
ਘਟਨਾ ਦੀ ਸੂਚਨਾ ਤੁਰੰਤ ਪੀ.ਸੀ.ਆਰ.ਨੂੰ ਦਿੱਤੀ ਗਈ। ਡੀਐਸਪੀ ਅਤੇ ਮਨੀਮਾਜਰਾ ਥਾਣੇ ਦੇ ਐਸਐਚਓ ਮੌਕੇ ’ਤੇ ਪੁੱਜੇ। ਪੁਲਿਸ ਨੇ ਜਵਾਨਾਂ ਨੂੰ ਵਾਇਰਲੈੱਸ 'ਤੇ ਸੰਦੇਸ਼ ਵੀ ਫਲੈਸ਼ ਕਰ ਦਿੱਤਾ। ਇਸ ਦੇ ਬਾਵਜੂਦ ਕਿਸੇ ਵੀ ਨਾਕੇ ’ਤੇ ਲੁਟੇਰਾ ਨਹੀਂ ਫੜਿਆ ਗਿਆ। ਘਟਨਾ ਦੀ ਜਾਣਕਾਰੀ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਨਾਲ ਵੀ ਸਾਂਝੀ ਕੀਤੀ ਗਈ ਹੈ।