Manipur violence : ਮਨੀਪੁਰ ਦੇ ਮੋਰੇਹ ’ਚ ਗੋਲੀਬਾਰੀ ਮੁੜ ਸ਼ੁਰੂ, 4 ਸੁਰੱਖਿਆ ਮੁਲਾਜ਼ਮ ਜ਼ੇਰੇ ਇਲਾਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਔਰਤਾਂ ਨੇ ਕੀਤੀ ਦੋ ਗ੍ਰਿਫ਼ਤਾਰ ਵਿਅਕਤੀਆਂ ਨੂੰ ਰਿਹਾਅ ਕਰਵਾਉਣ ਦੀ ਕੋਸ਼ਿਸ਼

Representative Image.

Manipur violence : ਮਨੀਪੁਰ ਦੇ ਤੇਂਗਨੌਪਲ ਜ਼ਿਲ੍ਹੇ ’ਚ ਮੰਗਲਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਸ਼ੱਕੀ ਅਤਿਵਾਦੀਆਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਰਾਜਧਾਨੀ ਇੰਫਾਲ ਤੋਂ ਕਰੀਬ 107 ਕਿਲੋਮੀਟਰ ਦੂਰ ਚਾਵਾਂਗਫਾਈ ਇਲਾਕੇ ’ਚ ਅੱਜ ਸਵੇਰੇ ਗੋਲੀਬਾਰੀ ਹੋਈ। ਇਸ ਤੋਂ ਇਕ ਦਿਨ ਪਹਿਲਾਂ ਤਲਾਸ਼ੀ ਮੁਹਿੰਮ ਦੌਰਾਨ ਦੋ ਵਿਅਕਤੀਆਂ ਨੂੰ ਪੁਲਿਸ ਮੁਲਾਜ਼ਮਾਂ ’ਤੇ ਹਮਲੇ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ।

ਅਧਿਕਾਰੀ ਨੇ ਦਸਿਆ ਕਿ ਸਥਾਨਕ ਔਰਤਾਂ ਦੋਹਾਂ ਵਿਅਕਤੀਆਂ ਦੀ ਰਿਹਾਈ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ੱਕੀ ਅਤਿਵਾਦੀਆਂ ਵਲੋਂ ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਜਵਾਬੀ ਕਾਰਵਾਈ ਕੀਤੀ। ਅਧਿਕਾਰੀ ਨੇ ਦਸਿਆ ਕਿ ਗੋਲੀਬਾਰੀ ਅਜੇ ਵੀ ਜਾਰੀ ਹੈ। 

ਇਕ ਹੋਰ ਅਧਿਕਾਰੀ ਨੇ ਦਸਿਆ ਕਿ ਸੋਮਵਾਰ ਨੂੰ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲੇ ਵਿਚ ਜ਼ਖਮੀ ਹੋਏ ਚਾਰ ਪੁਲਿਸ ਮੁਲਾਜ਼ਮਾਂ ਅਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਇਕ ਕਾਂਸਟੇਬਲ ਨੂੰ ਬਿਹਤਰ ਇਲਾਜ ਲਈ ਮੋਰੇਹ ਕਸਬੇ ਤੋਂ ਰਾਜ ਦੀ ਰਾਜਧਾਨੀ ਲਿਜਾਇਆ ਗਿਆ। ਹਸਪਤਾਲ ਦੇ ਇਕ ਅਧਿਕਾਰੀ ਨੇ ਦਸਿਆ ਕਿ ਜ਼ਖਮੀ ਜਵਾਨਾਂ ਦਾ ਇੰਫਾਲ ਦੇ ਖੇਤਰੀ ਮੈਡੀਕਲ ਵਿਗਿਆਨ ਸੰਸਥਾਨ ’ਚ ਇਲਾਜ ਚੱਲ ਰਿਹਾ ਹੈ। ਮੋਰੇਹ ਕਸਬਾ ਭਾਰਤ-ਮਿਆਂਮਾਰ ਸਰਹੱਦ ਦੇ ਨੇੜੇ ਸਥਿਤ ਹੈ ਅਤੇ ਪਿਛਲੇ ਸਾਲ 30 ਦਸੰਬਰ ਤੋਂ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਗੋਲੀਬਾਰੀ ਹੋ ਰਹੀ ਹੈ।

ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਹਾਲ ਹੀ ’ਚ ਰਾਜ ’ਚ ਸੁਰੱਖਿਆ ਬਲਾਂ ’ਤੇ ਹਮਲਿਆਂ ’ਤੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਅਜਿਹੀਆਂ ਘਟਨਾਵਾਂ ਨੂੰ ‘‘ਕੌਮੀ ਸੁਰੱਖਿਆ ਲਈ ਗੰਭੀਰ ਖਤਰਾ’’ ਅਤੇ ‘‘ਮਨੀਪੁਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼’’ ਕਰਾਰ ਦਿਤਾ ਸੀ। ਬੀਰੇਨ ਸਿੰਘ ਨੇ ਇਹ ਵੀ ਕਿਹਾ ਸੀ ਕਿ ਕੇਂਦਰ ਦੇ ਨੁਮਾਇੰਦਿਆਂ ਨੂੰ ਮਿਲਣ ਅਤੇ ਉਨ੍ਹਾਂ ਨੂੰ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਉਣ ਲਈ ਇਕ ਵਫ਼ਦ ਛੇਤੀ ਹੀ ਦਿੱਲੀ ਰਵਾਨਾ ਹੋਵੇਗਾ। (ਪੀਟੀਆਈ)

ਲਿਲੋਂਗ ਚਿੰਗਜਾਉ ’ਚ ਸਥਿਤੀ ਸ਼ਾਂਤ ਪਰ ਤਣਾਅਪੂਰਨ, ਮਰਨ ਵਾਲਿਆਂ ਦੀ ਗਿਣਤੀ 4 ਹੋਈ 

ਇੰਫਾਲ: ਮਨੀਪੁਰ ਦੇ ਥੌਉਬਲ ਜ਼ਿਲ੍ਹੇ ਦੇ ਘੱਟ ਗਿਣਤੀ ਬਹੁਗਿਣਤੀ ਵਾਲੇ ਲਿਲੋਂਗ ਚਿੰਗਜਾਓ ਇਲਾਕੇ ’ਚ ਮੰਗਲਵਾਰ ਨੂੰ ਸਥਿਤੀ ਸ਼ਾਂਤ ਪਰ ਤਣਾਅਪੂਰਨ ਬਣੀ ਹੋਈ ਹੈ। ਲਿਲੋਂਗ ਕਿੰਗਜਾਓ ’ਚ ਅਣਪਛਾਤੇ ਹਮਲਾਵਰਾਂ ਦੀ ਗੋਲੀ ਮਾਰ ਕੇ ਕਤਰਲ ਕਰ ਦਿਤਾ ਗਿਆ, ਜਿਸ ’ਚ ਚਾਰ ਪਿੰਡ ਵਾਸੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਇਕ ਹੋਰ ਵਿਅਕਤੀ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਚਾਰ ਹੋ ਗਈ ਹੈ, ਜਦਕਿ ਗੰਭੀਰ ਰੂਪ ਨਾਲ ਜ਼ਖਮੀ ਦੋ ਹੋਰ ਲੋਕਾਂ ਨੂੰ ਇੰਫਾਲ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ ਹੈ।

ਵਰਦੀ ਧਾਰੀ ਅਣਪਛਾਤੇ ਬੰਦੂਕਧਾਰੀ ਸੋਮਵਾਰ ਰਾਤ ਨੂੰ ਇਕ ਵਿਅਕਤੀ ਤੋਂ ਪੈਸੇ ਵਸੂਲਣ ਲਈ ਲਿਲੋਂਗ ਕਿੰਗਜਾਓ ਆਏ ਸਨ, ਜਿਸ ਤੋਂ ਬਾਅਦ ਝਗੜਾ ਸ਼ੁਰੂ ਹੋ ਗਿਆ। ਜਦੋਂ ਸਥਾਨਕ ਲੋਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਤਾਂ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਨਾਲ ਕਈ ਲੋਕ ਮਾਰੇ ਗਏ।

ਅਧਿਕਾਰੀ ਨੇ ਦਸਿਆ ਕਿ ਘਟਨਾ ਤੋਂ ਬਾਅਦ ਸੋਮਵਾਰ ਰਾਤ ਨੂੰ ਤਣਾਅ ਬਣਿਆ ਹੋਇਆ ਸੀ ਪਰ ਸਿਵਲ ਸੁਸਾਇਟੀ ਦੇ ਨੇਤਾਵਾਂ ਅਤੇ ਲਿਲੋਂਗ ਦੇ ਵਿਧਾਇਕ ਅਬਦੁਲ ਨਾਸਿਰ ਦੀ ਅੰਤਰ-ਧਰਮ ਬੈਠਕ ਤੋਂ ਬਾਅਦ ਸ਼ਾਂਤ ਹੋਇਆ ਅਤੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਭਰੋਸਾ ਦਿਤਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਜ਼ਾ ਦਿਤੀ ਜਾਵੇਗੀ।

ਉਨ੍ਹਾਂ ਦਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਲਾਕੇ ’ਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਅਤੇ ਗੱਡੀਆਂ ਦੀ ਗਸ਼ਤ ਤੇਜ਼ ਕਰ ਦਿਤੀ ਗਈ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇੰਫਾਲ ਘਾਟੀ ਦੇ ਪੰਜ ਜ਼ਿਲ੍ਹਿਆਂ ’ਚ ਕਰਫਿਊ ਲਗਾ ਦਿਤਾ ਗਿਆ ਹੈ। 

ਸੜਕਾਂ ’ਤੇ ਸਿਰਫ ਕੁੱਝ ਗੱਡੀਆਂ ਵੇਖੀਆਂ ਗਈਆਂ ਅਤੇ ਜ਼ਿਆਦਾਤਰ ਵਪਾਰਕ ਅਦਾਰੇ ਬੰਦ ਰਹੇ। ਅਧਿਕਾਰੀ ਨੇ ਦਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਇੰਫਾਲ ਦੇ ਜਵਾਹਰ ਲਾਲ ਨਹਿਰੂ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਲਿਆਂਦਾ ਗਿਆ, ਜਿਨ੍ਹਾਂ ਦੀ ਪਛਾਣ ਮੁਹੰਮਦ ਦੌਲਤ (30), ਐਮ. ਸਿਰਾਜੂਦੀਨ (50), ਮੁਹੰਮਦ ਆਜ਼ਾਦ ਖਾਨ (40) ਅਤੇ ਮੁਹੰਮਦ ਹੁਸੈਨ (22) ਵਜੋਂ ਹੋਈ ਹੈ। ਇਸ ਘਟਨਾ ’ਚ 10 ਹੋਰ ਜ਼ਖਮੀ ਹੋ ਗਏ ਅਤੇ ਇਸ ਸਮੇਂ ਇੰਫਾਲ ਦੇ ਇਕ ਹੋਰ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਵਿਚੋਂ ਚਾਰ ਨੂੰ ਗੋਲੀ ਲੱਗੀ ਹੈ ਅਤੇ ਚਾਰ ਵਿਚੋਂ ਦੋ ਆਈ.ਸੀ.ਯੂ. ਵਿਚ ਹਨ ਜਦਕਿ ਬਾਕੀ ਦੋ ਨਿਗਰਾਨੀ ਹੇਠ ਹਨ। ਹਮਲੇ ਤੋਂ ਬਾਅਦ ਗੁੱਸੇ ’ਚ ਆਏ ਸਥਾਨਕ ਲੋਕਾਂ ਨੇ ਚਾਰ ਗੱਡੀਆਂ ਨੂੰ ਅੱਗ ਲਾ ਦਿਤੀ, ਜਿਸ ’ਚ ਹਮਲਾਵਰ ਆਏ ਸਨ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਕਿਸ ਧੜੇ ਨਾਲ ਸਬੰਧਤ ਸਨ। ਹਿੰਸਾ ਤੋਂ ਬਾਅਦ ਥੌਬਲ, ਇੰਫਾਲ ਪੂਰਬੀ ਅਤੇ ਇੰਫਾਲ ਪਛਮੀ, ਕਾਕਚਿੰਗ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ’ਚ ਕਰਫਿਊ ਲਗਾ ਦਿਤਾ ਗਿਆ ਹੈ।

ਇਕ ਵੀਡੀਉ ਸੰਦੇਸ਼ ’ਚ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਹਿੰਸਾ ਦੀ ਨਿੰਦਾ ਕੀਤੀ ਅਤੇ ਲੋਕਾਂ, ਖਾਸ ਕਰ ਕੇ ਲਿਲੋਂਗ ਦੇ ਵਸਨੀਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਹਮਲੇ ’ਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਜ਼ਾ ਦਿਤੀ ਜਾਵੇਗੀ। ਸਥਾਨਕ ਵਿਧਾਇਕ ਅਬਦੁਲ ਨਾਸਿਰ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਥਿਤੀ ਤੋਂ ਜਾਣੂ ਕਰਵਾ ਦਿਤਾ ਹੈ ਅਤੇ ਦੋਸ਼ੀਆਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

 (For more Punjabi news apart from Manipur violence, stay tuned to Rozana Spokesman)