1901 ਤੋਂ ਬਾਅਦ 2024 ਭਾਰਤ ’ਚ ਸੱਭ ਤੋਂ ਗਰਮ ਸਾਲ : ਮੌਸਮ ਵਿਭਾਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਜਨਵਰੀ ’ਚ ਗਰਮ ਰਹਿਣ ਦੀ ਸੰਭਾਵਨਾ

2024 India's hottest year since 1901: Meteorological Department

ਨਵੀਂ ਦਿੱਲੀ : 1901 ਤੋਂ ਬਾਅਦ ਸਾਲ 2024 ਭਾਰਤ ਦਾ ਸੱਭ ਤੋਂ ਗਰਮ ਸਾਲ ਰਿਹਾ, ਜਿਥੇ ਔਸਤਨ ਘੱਟੋ-ਘੱਟ ਤਾਪਮਾਨ ਲੰਮੇ ਸਮੇਂ ਦੇ ਔਸਤ ਤੋਂ 0.90 ਡਿਗਰੀ ਸੈਲਸੀਅਸ ਵੱਧ ਰਿਹਾ।  ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਦੇ ਡਾਇਰੈਕਟਰ ਜਨਰਲ ਮੌਤੰਜੈ ਮਹਾਪਾਤਰਾ ਨੇ ਇਕ ਆਨਲਾਈਨ ਪ੍ਰੈਸ ਬ੍ਰੀਫਿੰਗ ’ਚ ਕਿਹਾ ਕਿ 2024 ’ਚ ਪੂਰੇ ਭਾਰਤ ’ਚ ਧਰਤੀ ਦੀ ਸਤਹ ’ਤੇ ਹਵਾ ਦਾ ਸਾਲਾਨਾ ਔਸਤ ਤਾਪਮਾਨ ਲੰਬੀ ਮਿਆਦ ਦੇ ਔਸਤ (1991-2020 ਦੀ ਮਿਆਦ) ਨਾਲੋਂ 0.65 ਡਿਗਰੀ ਸੈਲਸੀਅਸ ਵੱਧ ਸੀ।

ਸਾਲ 2024 ਹੁਣ 1901 ਤੋਂ ਬਾਅਦ ਸੱਭ ਤੋਂ ਗਰਮ ਸਾਲ ਵਜੋਂ ਦਰਜ ਕੀਤਾ ਗਿਆ ਹੈ। ਇਹ 2016 ਨੂੰ ਪਾਰ ਕਰ ਗਿਆ ਹੈ ਜਿਸ ’ਚ ਧਰਤੀ ਦੀ ਸਤਹ ਦਾ ਔਸਤ ਹਵਾ ਦਾ ਤਾਪਮਾਨ ਆਮ ਨਾਲੋਂ 0.54 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਸੀ। ਯੂਰਪੀਅਨ ਜਲਵਾਯੂ ਏਜੰਸੀ, ਕੋਪਰਨਿਕਸ ਦੇ ਅਨੁਸਾਰ, 2024 ਸ਼ਾਇਦ ਰੀਕਾਰਡ ’ਤੇ ਸੱਭ ਤੋਂ ਗਰਮ ਸਾਲ ਹੋਵੇਗਾ ਅਤੇ ਪਹਿਲਾ ਸਾਲ ਹੋਵੇਗਾ ਜਦੋਂ ਗਲੋਬਲ ਔਸਤ ਤਾਪਮਾਨ ਪੂਰਵ-ਉਦਯੋਗਿਕ ਪੱਧਰਾਂ ਤੋਂ 1.5 ਡਿਗਰੀ ਸੈਲਸੀਅਸ ਵੱਧ ਹੋਵੇਗਾ।

ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਕਿਹਾ ਕਿ ਪੂਰਬੀ, ਉੱਤਰ-ਪਛਮੀ ਅਤੇ ਪਛਮੀ -ਮੱਧ ਖੇਤਰਾਂ ਦੇ ਕੁੱਝ ਇਲਾਕਿਆਂ ਨੂੰ ਛੱਡ ਕੇ ਜਨਵਰੀ ’ਚ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ।  ਉਨ੍ਹਾਂ ਕਿਹਾ ਕਿ ਉੱਤਰ-ਪਛਮੀ, ਮੱਧ ਅਤੇ ਪੂਰਬੀ ਭਾਰਤ ਅਤੇ ਦਖਣੀ ਪ੍ਰਾਇਦੀਪ ਦੇ ਮੱਧ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ।  ਉਨ੍ਹਾਂ ਕਿਹਾ ਕਿ ਮੱਧ ਭਾਰਤ ਦੇ ਪਛਮੀ ਅਤੇ ਉੱਤਰੀ ਹਿੱਸਿਆਂ ’ਚ ਜਨਵਰੀ ਦੌਰਾਨ ਸ਼ੀਤ ਲਹਿਰ ਦੇ ਦਿਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ।