ਚੋਣ-ਵਰ੍ਹੇ 'ਚ ਮੋਦੀ ਸਰਕਾਰ ਦਾ 'ਲੋਕ-ਲੁਭਾਊ' ਬਜਟ ਪੇਸ਼
ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਆਮ ਚੋਣਾਂ ਨੂੰ ਵੇਖਦਿਆਂ ਅਪਣੇ ਆਖ਼ਰੀ ਬਜਟ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਮੱਧ ਵਰਗ ਨੂੰ ਲੁਭਾਉਣ ਲਈ ਕਈ ਵੱਡੇ ਐਲਾਨ ਕੀਤੇ....
ਨਵੀਂ ਦਿੱਲੀ : ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਆਮ ਚੋਣਾਂ ਨੂੰ ਵੇਖਦਿਆਂ ਅਪਣੇ ਆਖ਼ਰੀ ਬਜਟ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਮੱਧ ਵਰਗ ਨੂੰ ਲੁਭਾਉਣ ਲਈ ਕਈ ਵੱਡੇ ਐਲਾਨ ਕੀਤੇ ਹਨ। ਅੰਤਰਮ ਬਜਟ ਭਾਸ਼ਨ ਨੂੰ ਲਗਭਗ ਮੁਕੰਮਲ ਬਜਟ ਵਿਚ ਬਦਲਦਿਆਂ ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਉਨ੍ਹਾਂ ਵਰਗਾਂ ਦਾ ਖ਼ਾਸ ਖ਼ਿਆਲ ਰਖਿਆ ਜਿਨ੍ਹਾਂ ਕਾਰਨ ਭਾਜਪਾ ਨੂੰ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਖ਼ਾਸਕਰ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿਚ ਨੁਕਸਾਨ ਹੋਇਆ। ਗੋਇਲ ਨੂੰ ਅਰੁਣ ਜੇਤਲੀ ਦੀ ਥਾਂ ਵਿੱਤ ਮੰਤਰੀ ਬਣਾਇਆ ਗਿਆ ਹੈ।
ਜੇਤਲੀ ਅਪਣਾ ਇਲਾਜ ਕਰਾਉਣ ਅਮਰੀਕਾ ਗਏ ਹੋਏ ਹਨ। ਵਿੱਤ ਮੰਤਰੀ ਨੇ ਲੋਕ ਸਭਾ ਵਿਚ 2019-20 ਦਾ ਅੰਤਰਮ ਬਜਟ ਪੇਸ਼ ਕੀਤਾ ਅਤੇ ਕਿਹਾ ਕਿ ਇਹ ਅੰਤਰਮ ਬਜਟ ਨਹੀਂ ਸਗੋਂ ਦੇਸ਼ ਦੇ ਵਿਕਾਸ ਅਤੇ ਬਦਲਾਅ ਦੀ ਗੱਡੀ ਹੈ। ਗੋਇਲ ਨੇ ਅੰਤਰਮ ਬਜਟ ਪੇਸ਼ ਕਰਦਿਆਂ ਅਗਲੇ 10 ਸਾਲਾਂ ਲਈ ਸਰਕਾਰ ਦਾ ਵਿਜ਼ਨ ਪੇਸ਼ ਕੀਤਾ। ਗੋਇਲ ਨੇ ਜੀਐਸਟੀ ਸੁਧਾਰ ਤੋਂ ਲੈ ਕੇ ਪੂੰਜੀਗਤ ਕਰ, ਆਮਦਨ ਛੋਟ, ਟੀਡੀਐਸ ਕਟੌਤੀ ਆਦਿ ਵਿਚ ਲੋਕਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਇਸ ਵਾਰ ਕੁਲ 27.84 ਲੱਖ ਕਰੋੜ ਦਾ ਬਜਟ ਪੇਸ਼ ਕੀਤਾ ਹੈ।
ਬਜਟ ਵਿਚ ਛੋਟੇ ਕਿਸਾਨਾਂ ਨੂੰ ਸਾਲ ਵਿਚ 6,000 ਰੁਪਏ ਦੀ ਨਕਦ ਸਹਾਇਤਾ, ਗ਼ੈਰ-ਜਥੇਬੰਦ ਖੇਤਰ ਦੇ ਮਜ਼ਦੂਰਾਂ ਲਈ ਮੈਗਾ ਪੈਨਸ਼ਨ ਯੋਜਨਾ ਅਤੇ ਨੌਕਰੀਪੇਸ਼ਾ ਤਬਕੇ ਲਈ ਪੰਜ ਲੱਖ ਰੁਪਏ ਤਕ ਦੀ ਸਾਲਾਨਾ ਆਮਦਨ ਨੂੰ ਕਰ-ਮੁਕਤ ਕਰਨ ਦੀ ਤਜਵੀਜ਼ ਕੀਤੀ ਗਈ ਹੈ। ਇਨ੍ਹਾਂ ਤਿੰਨਾਂ ਖੇਤਰਾਂ ਲਈ ਬਜਟ ਵਿਚ ਕਰੀਬ ਸਵਾ ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਕੁਲ 25 ਕਰੋੜ ਲੋਕਾਂ ਨੂੰ ਫ਼ਾਇਦਾ ਹੋਵੇਗਾ। ਕਿਸਾਨਾਂ ਨੂੰ ਸਾਲ ਵਿਚ ਦੋ ਦੋ ਹਜ਼ਾਰ ਰੁਪਏ ਦੀਆਂ ਤਿੰਨ ਕਿਸਤਾਂ ਵਿਚ ਛੇ ਹਜ਼ਾਰ ਰੁਪਏ ਉਨ੍ਹਾਂ ਖਾਤੇ ਵਿਚ ਮਿਲਣਗੇ। ਇਸ ਵਾਸਤੇ ਅਗਲੇ ਵਿੱਤੀ ਵਰ੍ਹੇ ਵਿਚ 75,000 ਕਰੋੜ ਰੁਪਏ ਰੱਖੇ ਗਏ ਹਨ।
ਗੋਇਲ ਨੇ ਕਿਹਾ ਕਿ ਇਹ ਯੋਜਨਾ ਇਸੇ ਵਿੱਤੀ ਵਰ੍ਹੇ ਤੋਂ ਲਾਗੂ ਹੋ ਜਾਵੇਗੀ ਅਤੇ ਇਸ ਲਈ 20 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। 31 ਮਾਰਚ, 2019 ਤਕ ਦੇ ਸਮੇਂ ਲਈ ਪਹਿਲੀ ਕਿਸਤ ਇਸੇ ਸਾਲ ਦਿਤੀ ਜਾਵੇਗਾ। ਜੇ ਮਕਾਨ ਕਰਜ਼ਾ ਲਿਆ ਹੋਇਆ ਹੈ ਤਾਂ ਉਸ ਦੇ ਦੋ ਲੱਖ ਰੁਪਏ ਤਕ ਦੇ ਵਿਆਜ ਭੁਗਤਾਨ 'ਤੇ ਵੀ ਕਰ ਛੋਟ ਮਿਲੇਗੀ। ਪੈਨਸ਼ਨ ਯੋਜਨਾ ਐਨਪੀਐਸ 'ਤੇ ਪੰਜਾਹ ਹਜ਼ਾਰ ਰੁਪਏ ਦੀ ਵਾਧੂ ਕਰ ਛੋਟ ਹੈ। (ਏਜੰਸੀ)