6 ਫ਼ਰਵਰੀ ਨੂੰ ਹੋਣ ਵਾਲੇ ਚੱਕਾ ਜਾਮ ਬਾਰੇ ਡਾ. ਦਰਸ਼ਨਪਾਲ ਨੇ ਦੱਸੀ ਪੂਰੀ ਰਣਨੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੱਦੇ ਤਹਿਤ ਦੇਸ਼ ਦੇ ਨੈਸ਼ਨਲ ਅਤੇ ਸਟੇਟ ਹਾਈਵੇਅ ਰੋਕੇ ਜਾਣਗੇ- ਕਿਸਾਨ ਆਗੂ

Darshanpal Singh

ਨਵੀਂ ਦਿੱਲੀ (ਹਰਦੀਪ ਸਿੰਘ ਭੋਗਲ): ਬੀਤੇ ਦਿਨ ਹੋਈ ਬੈਠਕ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਵੱਡਾ ਫੈਸਲਾ ਲੈਂਦਿਆਂ 6 ਫ਼ਰਵਰੀ ਨੂੰ ਪੂਰੇ ਦੇਸ਼ ਵਿਚ ਚੱਕਾ ਜਾਮ ਦਾ ਐਲਾਨ ਕੀਤਾ। ਇਸ ਸਬੰਧੀ ਗੱਲ ਕਰਦਿਆਂ ਕਿਸਾਨ ਆਗੂ ਦਰਸ਼ਨਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਕੇਂਦਰੀ ਬਜਟ ਤੋਂ ਉਹਨਾਂ ਨੂੰ ਕੋਈ ਖ਼ਾਸ ਉਮੀਦ ਨਹੀਂ ਸੀ।

ਇਸ ਤੋਂ ਇਲਾਵਾ 26 ਜਨਵਰੀ ਤੋਂ ਬਾਅਦ ਕਈ ਨੌਜਵਾਨ ਲਾਪਤਾ ਹਨ। ਧਰਨੇ ਵਾਲੀਆਂ ਥਾਵਾਂ ਨੂੰ ਘੇਰ ਕੇ ਕਿਸਾਨਾਂ ਨੂੰ ਪਰੇਸ਼ਾਨ ਵੀ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਨੇ ਬਾਰਡਰਾਂ ‘ਤੇ ਬਿਜਲੀ, ਪਾਣੀ ਤੋਂ ਇਲਾਵਾ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਜਦੋਂ ਸਰਕਾਰ ਸਾਡੇ ਕੋਲੋਂ ਮਨੁੱਖੀ ਅਧਿਕਾਰ ਖੋਹ ਰਹੀ ਹਾਂ ਤਾਂ ਇਕੋ ਰਸਤਾ ਹੈ ਕਿ ਇਸ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇ।

ਇਸ ਦੇ ਚਲਦਿਆਂ 6 ਫ਼ਰਵਰੀ ਨੂੰ 12 ਤੋਂ 3 (ਤਿੰਨ ਘੰਟੇ) ਦਾ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਹੈ। ਇਸ ਸੱਦੇ ਤਹਿਤ ਦੇਸ਼ ਦੇ ਨੈਸ਼ਨਲ ਅਤੇ ਸਟੇਟ ਹਾਈਵੇਅ ਰੋਕੇ ਜਾਣਗੇ। ਆਮ ਲੋਕਾਂ ਲਈ ਛੋਟੇ ਰਾਹ ਖੁੱਲ਼੍ਹੇ ਰਹਿਣਗੇ। ਦਰਸ਼ਨਪਾਲ ਸਿੰਘ ਨੇ ਕਿਹਾ ਕਿ ਖੇਤੀਬਾੜੀ ਬਜਟ ਦੀ ਰਾਸ਼ੀ ਵਿਚ ਕਟੌਤੀ ਕੀਤੀ ਗਈ ਹੈ। ਖੇਤੀ ਪਹਿਲਾਂ ਤੋਂ ਹੀ ਸੰਕਟ ਵਿਚ ਸੀ ਤੇ ਹੁਣ ਹੋਰ ਸੰਕਟ ਵਿਚ ਚਲੀ ਜਾਵੇਗੀ।

ਕਿਸਾਨ ਆਗੂ ਦਾ ਕਹਿਣਾ ਹੈ ਕਿ 26 ਜਨਵਰੀ ਤੋਂ ਬਾਅਦ ਲਾਪਤਾ ਨੌਜਵਾਨਾਂ ਨੂੰ ਲੈ ਕੇ ਜਥੇਬੰਦੀਆਂ ਕਾਫੀ ਚਿੰਤਤ ਅਤੇ ਗੁੱਸੇ ਵਿਚ ਹਨ। ਕਿਸਾਨ ਜਥੇਬੰਦੀਆਂ ਵੱਲ਼ੋਂ ਬਣਾਈ ਗਈ ਕਮੇਟੀ ਦੀ ਸੂਚੀ ਮੁਤਾਬਕ ਕੁੱਲ਼ 122 ਵਿਅਕਤੀ ਲਾਪਤਾ ਹਨ। ਸਰਕਾਰ ਨੇ ਵੀ ਅਪਣੀ ਵੈੱਬਸਾਈਟ ‘ਤੇ ਗ੍ਰਿਫ਼ਤਾਰ ਵਿਅਕਤੀਆਂ ਦੀ ਸੂਚੀ ਅਪਲੋਡ ਕੀਤੀ ਹੈ।  ਇਹਨਾਂ ਕਿਸਾਨਾਂ ਦੀ ਮਦਦ ਲਈ ਵੱਖ-ਵੱਖ ਰਾਜਾਂ ਦੀ ਸਾਂਝੀ ਕਮੇਟੀ ਬਣਾਈ ਗਈ ਹੈ।