ਕਿਸਾਨਾਂ ਨੂੰ ਰੋਕਣ ਲਈ ਦਿੱਲੀ ਪੁਲਿਸ ਨੇ ਕੀਤੇ ਸਖ਼ਤ ਪ੍ਰਬੰਧ, ਰਸਤੇ ‘ਚ ਲਗਾਏ ਭਾਰੀ ਬੈਰੀਕੇਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਗਾਜ਼ੀਪੁਰ ਬਾਰਡਰ ਨੂੰ ਪ੍ਰਸ਼ਾਸਨ ਨੇ ਕਿਲ੍ਹੇ ਵਿਚ ਕੀਤਾ ਤਬਦੀਲ

Heavy barricading at Ghazipur border

ਨਵੀਂ ਦਿੱਲੀ: ਰਾਜਧਾਨੀ ਦੀਆਂ ਹੱਦਾਂ ‘ਤੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਬੀਤੇ ਦਿਨ ਸਥਾਨਕ ਪ੍ਰਸ਼ਾਸਨ ਨੇ ਪ੍ਰਦਰਸ਼ਨ ਸਥਾਨ ਨੂੰ ਕਿਲ੍ਹੇ ਵਿਚ ਤਬਦੀਲ ਕਰ ਦਿੱਤਾ ਹੈ। ਪੁਲਿਸ ਵੱਲ਼ੋਂ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਅਤੇ ਬੈਰੀਕੇਡਾਂ ਦੀ ਗਿਣਤੀ ਵੀ ਵਧਾਈ ਗਈ।

ਦਿੱਲੀ-ਉੱਤਰ ਪ੍ਰਦੇਸ਼ ਬਾਰਡਰ ਗਾਜ਼ੀਪੁਰ ਵਿਖੇ ਵਾਹਨਾਂ ਦੀ ਆਵਾਜਾਈ ਰੋਕਣ ਲਈ ਕਈ ਪੱਧਰੀ ਬੈਰੀਕੇਡ ਲਗਾਏ ਗਏ। ਲੋਕਾਂ ਨੂੰ ਪੈਦਲ ਚੱਲਣ ਤੋਂ ਰੋਕਣ ਲਈ ਕੰਢਿਆਲੀਆਂ ਤਾਰਾਂ ਵੀ ਲਗਾਈਆਂ ਗਈਆਂ। ਇਸ ਦੇ ਬਾਵਜੂਦ ਵੀ ਕਿਸਾਨ ਪੂਰੇ ਜੋਸ਼ ਨਾਲ ਸੰਘਰਸ਼ ਵਿਚ ਡਟੇ ਹੋਏ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚੋਂ ਕਿਸਾਨ ਟਰਾਲੀਆਂ ਲੈ ਕੇ ਦਿੱਲੀ ਬਾਰਡਰ ‘ਤੇ ਪਹੁੰਚ ਰਹੇ ਹਨ।

ਦੱਸ ਦਈਏ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਤੋਂ ਬਾਅਦ ਦਿੱਲੀ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਚਲਦਿਆਂ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਅਹਿਮ ਫ਼ੈਸਲੇ ’ਚ 2 ਫ਼ਰਵਰੀ ਦੀ ਰਾਤ ਨੂੰ 11 ਵਜੇ ਤਕ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਮੰਗਲਵਾਰ ਰਾਤ 11 ਵਜੇ ਤਕ ਟਿਕਰੀ ਸਰਹੱਦ, ਸਿੰਘੂ ਸਰਹੱਦ ਤੇ ਗਾਜ਼ੀਪੁਰ ਸਰਹੱਦ ’ਤੇ ਇੰਨਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ।

ਸਰਕਾਰ ਵਲੋਂ ਸਾਰੇ ਨਿਜੀ ਤੇ ਸਰਕਾਰੀ ਟੈਲੀਕਾਮ ਕੰਪਨੀਆਂ ਨੂੰ ਇਨ੍ਹਾਂ ਆਦੇਸ਼ਾਂ ਦਾ ਪਾਲਨ ਕਰਨ ਲਈ ਕਿਹਾ ਹੈ। ਸਰਕਾਰ ਨੇ ਇਹ ਆਦੇਸ਼ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਖੇਤਰ ’ਚ ਸ਼ਾਂਤੀ, ਜਨਤਕ ਵਿਵਸਥਾ ਤੇ ਕਾਨੂੰਨ-ਵਿਵਸਥਾ ਬਣਾਏ ਰਖਣ ਲਈ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਇਥੇ 29 ਜਨਵਰੀ ਨੂੰ ਰਾਤ 11 ਵਜੇ ਤੋਂ 31 ਜਨਵਰੀ ਨੂੰ ਰਾਤ 11 ਵਜੇ ਤਕ ਲਈ ਇੰਟਰਨੈੱਟ ਸੇਵਾਵਾਂ ’ਤੇ ਰੋਕ ਲਾਈ ਗਈ ਸੀ।