ਗਾਜੀਪੁਰ ਬਾਰਡਰ 'ਤੇ ਪੁਲਿਸ ਦਾ ਪਹਿਰਾ ਸਖ਼ਤ, ਮੇਰਠ ਤੋਂ ਬੁਲਾਈ ਗਈ ਫ਼ੌਜ ਕਰੇਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚੋਂ ਕਿਸਾਨ ਟਰਾਲੀਆਂ ਲੈ ਕੇ ਦਿੱਲੀ ਬਾਰਡਰ ‘ਤੇ ਪਹੁੰਚ ਰਹੇ ਹਨ।

Delhi Police

ਨਵੀਂ ਦਿੱਲੀ- ਦੇਸ਼ ਦਾ ਆਮ ਬਜਟ ਬੀਤੇ ਦਿਨੀ ਪੇਸ਼ ਕਰ ਦਿੱਤਾ ਗਿਆ ਹੈ ਅਤੇ ਹੁਣ ਇਕ ਵਾਰ ਫਿਰ ਤੋਂ ਕਿਸਾਨ ਅੰਦੋਲਨ ਤੇਜ ਹੁੰਦਾ ਨਜ਼ਰ ਆ ਰਿਹਾ ਹੈ। ਦਿੱਲੀ ਦੇ ਸਾਰੇ ਬਾਰਡਰਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ, ਇੰਟਰਨੈਟ ਅਜੇ ਵੀ ਬੰਦ ਹੈ ਜਿਸ ਦੇ ਵਿਰੋਧ ਵਿੱਚ ਹੁਣ ਕਿਸਾਨਾਂ ਨੇ ਚੱਕਾ ਜਾਮ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਅੱਜ ਸੰਸਦ ਵਿੱਚ ਕਿਸਾਨਾਂ ਦੇ ਮੁੱਦੇ ‘ਤੇ ਹੰਗਾਮਾ ਹੋ ਸਕਦਾ ਹੈ। ਵਿਰੋਧੀ ਧਿਰ ਵੱਲੋਂ ਖੇਤੀਬਾੜੀ ਕਾਨੂੰਨ, ਦਿੱਲੀ ਹਿੰਸਾ ਸਮੇਤ ਕਈ ਮੁੱਦੇ ਖੜ੍ਹੇ ਕੀਤੇ ਜਾ ਸਕਦੇ ਹਨ।  

ਪੁਲਿਸ ਵੱਲੋਂ ਦਿੱਲੀ-ਗਾਜੀਪੁਰ ਬਾਰਡਰ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਹੁਣ ਮੇਰਠ ਆਰਮੀ ਵਰਕਸ਼ਾਪ ਤੋਂ ਦੋ ਕ੍ਰੇਨਾਂ ਵੀ ਮੰਗਵਾਈਆਂ ਗਈਆਂ ਹਨ। ਪੁਲਿਸ ਵੱਲ਼ੋਂ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਅਤੇ ਬੈਰੀਕੇਡਾਂ ਦੀ ਗਿਣਤੀ ਵੀ ਵਧਾਈ ਗਈ। ਦਿੱਲੀ-ਉੱਤਰ ਪ੍ਰਦੇਸ਼ ਬਾਰਡਰ ਗਾਜ਼ੀਪੁਰ ਵਿਖੇ ਵਾਹਨਾਂ ਦੀ ਆਵਾਜਾਈ ਰੋਕਣ ਲਈ ਕਈ ਪੱਧਰੀ ਬੈਰੀਕੇਡ ਲਗਾਏ ਗਏ। ਲੋਕਾਂ ਨੂੰ ਪੈਦਲ ਚੱਲਣ ਤੋਂ ਰੋਕਣ ਲਈ ਕੰਢਿਆਲੀਆਂ ਤਾਰਾਂ ਵੀ ਲਗਾਈਆਂ ਗਈਆਂ। ਇਸ ਦੇ ਬਾਵਜੂਦ ਵੀ ਕਿਸਾਨ ਪੂਰੇ ਜੋਸ਼ ਨਾਲ ਸੰਘਰਸ਼ ਵਿਚ ਡਟੇ ਹੋਏ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚੋਂ ਕਿਸਾਨ ਟਰਾਲੀਆਂ ਲੈ ਕੇ ਦਿੱਲੀ ਬਾਰਡਰ ‘ਤੇ ਪਹੁੰਚ ਰਹੇ ਹਨ।

ਇਸ ਵਿਚਕਾਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਿੱਲੀ ਦੀ ਹੱਦਾਂ ‘ਤੇ ਕਿਸਾਨਾਂ ਨੂੰ ਰੋਕਣ ਲਈ ਕੀਤੀ ਜਾ ਰਹੀ ਬੈਰੀਕੇਡਿੰਗ ਲਈ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਰਾਹੁਲ ਨੇ ਕਿਹਾ," ਸਰਕਾਰ ਨੂੰ ਕੰਧਾਂ ਦੀ ਬਜਾਏ ਪੁਲ ਬਣਾਉਣਾ ਚਾਹੀਦਾ ਹੈ।"

ਜ਼ਿਕਰਯੋਗ ਹੈ ਕਿ  26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਤੋਂ ਬਾਅਦ ਦਿੱਲੀ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਚਲਦਿਆਂ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਅਹਿਮ ਫ਼ੈਸਲੇ ’ਚ 2 ਫ਼ਰਵਰੀ ਦੀ ਰਾਤ ਨੂੰ 11 ਵਜੇ ਤਕ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਮੰਗਲਵਾਰ ਰਾਤ 11 ਵਜੇ ਤਕ ਟਿਕਰੀ ਸਰਹੱਦ, ਸਿੰਘੂ ਸਰਹੱਦ ਤੇ ਗਾਜ਼ੀਪੁਰ ਸਰਹੱਦ ’ਤੇ ਇੰਨਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ।