ਢਾਲਾਂ ਲੈ ਕੇ ਖੜ੍ਹ ਗਏ ਨੌਜਵਾਨ, ਹਰ “ਮੁਸ਼ਕਿਲ ਦਾ ਡਟਕੇ ਕਰਾਂਗੇ ਮੁਕਾਬਲਾ”    

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਅੰਨਦਾਤਾ ਨੂੰ ਖੇਤੀ ਦੇ ਕਾਲੇ ਬਿਲਾਂ ਦਾ ਵਿਰੋਧ ਕਰਦਿਆਂ ਲਗਾਤਾਰ ਦੋ ...

Kissan Morcha

ਨਵੀਂ ਦਿੱਲੀ (ਹਰਦੀਪ ਸਿੰਘ ਭੋਗਲ): ਦੇਸ਼ ਦੇ ਅੰਨਦਾਤਾ ਨੂੰ ਖੇਤੀ ਦੇ ਕਾਲੇ ਬਿਲਾਂ ਦਾ ਵਿਰੋਧ ਕਰਦਿਆਂ ਲਗਾਤਾਰ ਦੋ ਮਹੀਨੇ ਤੋਂ ਉਪਰ ਦਾ ਸਮਾਂ ਹੋ ਚੁੱਕਾ ਹੈ ਪਰ ਮੋਦੀ ਸਰਕਾਰ ਆਪਣੇ ਅੜੀਅਲ ਰਵੱਈਏ ਨੂੰ ਛੱਡਣ ਲਈ ਤਿਆਰ ਨਹੀਂ ਹੈ। 26 ਜਨਵਰੀ ਦੀ ਹਿੰਸਾ ਦੌਰਾਨ ਕਈਂ ਕਿਸਾਨ ਅਤੇ ਨੌਜਵਾਨ ਜਖ਼ਮੀ ਵੀ ਹੋਏ ਅਤੇ ਕਈਂ ਨੌਜਵਾਨਾਂ ਨੂੰ ਪੁਲਿਸ ਨੇ ਜਾਬਰ ਤਰੀਕੇ ਨਾਲ ਕੁੱਟਿਆ ਅਤੇ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਡੱਕ ਦਿੱਤਾ ਹੈ।

ਇਸ ਦੌਰਾਨ ਦਿੱਲੀ ਸੰਘਰਸ਼ ਵਿਚ ਡਟ ਕੇ ਖੜ੍ਹੇ ਨੌਜਵਾਨਾਂ ਨੇ ਸਪੋਕਸਮੈਨ ਟੀਵੀ ਦੇ ਪੱਤਰਕਾਰ ਹਰਦੀਪ ਸਿੰਘ ਭੋਗਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਹਾਰ ਚੁੱਕੀ ਹੈ ਤੇ ਹੁਣ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹੁਣ ਜਾਬਰ ਜੁਲਮ ਉਤੇ ਉਤਰ ਆਈ ਹੈ ਕਿਉਂਕਿ ਬਾਰਡਰ ਉਤੇ ਕੰਕਰਿਟ ਦੀਆਂ ਦੀਵਾਰਾਂ ਬਣਾਈਆਂ ਜਾ ਰਹੀਆਂ ਹਨ, ਸੜਕਾਂ ਉਤੇ ਤਿੱਖੀਆਂ ਮੇਖਾਂ ਲਗਾਈਆਂ ਜਾ ਰਹੀਆਂ ਕੀ ਅਸੀਂ ਦੇਸ਼ ਦੇ ਦੁਸ਼ਮਣ ਹਾਂ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਸੰਵਿਧਾਨ ਸਿਖਾ ਰਹੀ ਹੈ ਪਰ ਆਪ ਸੰਵਿਧਾਨ ਦੇ ਬਿਲਕੁਲ ਉਲਟ ਜਾ ਰਹੀ ਹੈ, ਸੰਵਿਧਾਨ ਵਿਚ ਲਿਖਿਆ ਹੈ ਕਿ ਅਸੀਂ ਆਪਣੇ ਹੱਕਾਂ ਲਈ ਦੇਸ਼ ਵਿਚ ਜਿੱਥੇ ਮਰਜ਼ੀ ਅੰਦੋਲਨ ਕਰ ਸਕਦੇ ਹਾਂ ਪਰ ਸਰਕਾਰ ਅਜਿਹੇ ਘਟਨਾ ਕ੍ਰਮ ਕਰਕੇ ਸਾਥੋਂ ਉਹ ਵੀ ਹੱਕ ਖੋਹਣ ਲੱਗ ਪਈ ਹੈ। ਨੌਜਵਾਨਾਂ ਨੇ ਕਿਹਾ ਕਿ ਅਸੀਂ ਦਿੱਲੀ ਪੁਲਿਸ ਨੂੰ ਲੰਗਰਾਂ ਵਿਚ ਦੁੱਧ, ਖੀ , ਰੋਟੀ ਪੁੱਛਦੇ ਹਾਂ ਪਰ ਇਹ ਸਾਡੇ ਸਿਰ ਪਾੜ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਅੰਦੋਲਨ ਨੂੰ ਧਾਰਮਿਕ ਮੁੱਦਾ ਨਹੀਂ ਬਣਾਉਣਾ ਚਾਹੁੰਦੇ ਪਰ ਸਰਕਾਰ ਦੇਸ਼ ਵਿਚ ਇਸ ਅੰਦੋਲਨ ਨੂੰ ਧਾਰਮਿਕ ਮੁੱਦਾ ਬਣਾ ਕੇ ਲੋਕਾਂ ਨੂੰ ਆਪਸ ਵਿਚ ਲੜਾਉਣਾ ਚਾਹੁੰਦੀ ਹੈ।

ਨੌਜਵਾਨਾਂ ਨੇ ਦੱਸਿਆ ਕਿ ਭਾਜਪਾ ਦੇ ਵਰਕਰਾਂ ਅਤੇ ਆਰ.ਐਸ.ਐਸ ਵੱਲੋਂ ਸਾਡੇ ਉੱਤੇ ਕੋਈ ਵੀ ਪਥਰਾਅ ਜਾਂ ਹਮਲੇ ਕਰੇਗਾ ਤਾਂ ਹੁਸ਼ਿਆਰਪੁਰ ਦੇ ਵੀਰਾਂ ਵੱਲੋਂ ਭੇਜੀਆਂ ਇਹ ਢਾਲਾਂ ਸਾਡੀ ਹਿਫ਼ਾਜ਼ਿਤ ਕਰਨਗੀਆਂ। ਨੌਜਵਾਨਾਂ ਨੇ ਕਿਹਾ ਕਿ ਜਦੋਂ ਭਾਜਪਾ ਵਰਕਰਾਂ ਅਤੇ ਆਰ.ਐਸ.ਐਸ ਦੇ ਵੱਲੋਂ ਸਾਡੇ ਉਤੇ ਪਥਰਾਅ ਕੀਤਾ ਗਿਆ ਤਾਂ ਸ਼ਾਂਤਮਈ ਤਰੀਕੇ ਨਾਲ ਬੈਠੇ ਸੀ।

ਪਰ ਭਾਜਪਾ ਵਰਕਰਾਂ ਵੱਲੋਂ ਸਾਡੇ ਉੱਤੇ ਪਥਰਾਅ ਕੀਤਾ ਗਿਆ ਅਤੇ ਸਾਡੀਆਂ ਬੀਬੀਆਂ ਦੇ ਟੈਂਟ ਉਤੇ ਪਟਰੋਲੀਅਮ ਬੰਬ ਵੀ ਸੁੱਟੇ ਗਏ ਸਨ। ਉਨ੍ਹਾਂ ਕਿਹਾ ਕਿ ਅਸੀਂ ਮੋਦੀ ਸਰਕਾਰ ਵੱਲੋਂ ਬਣਾਏ ਖੇਤੀ ਦੇ ਤਿੰਨੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਇੱਥੋਂ ਨਹੀਂ ਜਾਵਾਂਗੇ।