Hemant Soren: ਪੀਐਮਐਲਏ ਅਦਾਲਤ ਨੇ ਹੇਮੰਤ ਸੋਰੇਨ ਨੂੰ ਪੰਜ ਦਿਨਾਂ ਲਈ ਈ.ਡੀ. ਦੀ ਹਿਰਾਸਤ ’ਚ ਭੇਜਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਰੇਨ ਨੂੰ ਪਲਾਟ ’ਤੇ ‘ਗ਼ੈਰ-ਕਾਨੂੰਨੀ’ ਕਬਜ਼ੇ’ ਅਤੇ ‘ਭੂ ਮਾਫ਼ੀਆ’ ਨਾਲ ਕਥਿਤ ਸਬੰਧਾਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ

Hemant Soren

Hemant Soren: ਝਾਰਖੰਡ ਦੀ ਵਿਸ਼ੇਸ਼ ਪੀਐਮਐਲਏ (ਮਨੀ ਲਾਂਡਰਿੰਗ ਰੋਕੂ ਕਾਨੂੰਨ) ਅਦਾਲਤ ਨੇ ਸ਼ੁਕਰਵਾਰ ਨੂੰ ਰਾਜ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਪੰਜ ਦਿਨਾਂ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿਚ ਭੇਜ ਦਿਤਾ।

ਸੋਰੇਨ ਨੂੰ ਪਲਾਟ ’ਤੇ ‘ਗ਼ੈਰ-ਕਾਨੂੰਨੀ’ ਕਬਜ਼ੇ’ ਅਤੇ ‘ਭੂ ਮਾਫ਼ੀਆ’ ਨਾਲ ਕਥਿਤ ਸਬੰਧਾਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਸੱਤ ਘੰਟੇ ਤਕ ਪੁਛਗਿਛ ਕਰਨ ਤੋਂ ਬਾਅਦ ਬੁਧਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਵੀਰਵਾਰ ਨੂੰ ਜੇਐਮਐਮ ਆਗੂ ਨੂੰ ਇਕ ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਸੀ।

ਗ੍ਰਿਫ਼ਤਾਰੀ ਵਿਰੁਧ ਹੇਮੰਤ ਸੋਰੇਨ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ

ਸੁਪ੍ਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ’ਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਟੀਸ਼ਨ ’ਤੇ ਦਖ਼ਲ ਅੰਦਾਜੀ ਕਰਨ ਤੋਂ ਸ਼ੁਕਰਵਾਰ ਨੂੰ ਇਨਕਾਰ ਕਰ ਦਿਤਾ। ਸੋਰੇਨ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਕੀਤੀ ਗਈ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿਤੀ ਸੀ। ਜੱਜ ਸੰਜੀਵ ਖੰਨਾ, ਜੱਜ ਐਮ.ਐਮ. ਸੁੰਦਰੇਸ਼ ਅਤੇ ਜੱਜ ਬੇਲਾ ਐਮ. ਤ੍ਰਿਵੇਦੀ ਦੇ ਬੈਂਚ ਨੇ ਸੋਰੇਨ ਵਲੋਂ ਪੇਸ਼ ਸੀਨੀਅਰ ਵਕੀਲਾਂ ਕਪਿਲ ਸਿੱਬਲ ਅਤੇ ਅਭਿਸ਼ੇਕ ਸਿੰਘਵੀ ਨੂੰ ਰਾਹਤ ਲਈ ਹਾਈ ਕੋਰਟ ਜਾਣ ਲਈ ਕਿਹਾ।

ਅਪਣੀ ਗ੍ਰਿਫ਼ਤਾਰੀ ਦੇ ਸ਼ੱਕ ਕਾਰਨ ਝਾਰਖੰਡ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਨੇਤਾ ਹੇਮੰਤ ਸੋਰੇਨ ਨੇ ਸੁਪ੍ਰੀਮ ਕੋਰਟ ਸਾਹਮਣੇ ਅਪਣੀ ਪਟੀਸ਼ਨ ’ਚ ਈ.ਡੀ. ਉਤੇ ਉਨ੍ਹਾਂ ਨੂੰ ਯੋਜਨਾਬੱਧ ਸਾਜ਼ਸ਼ ਅਧੀਨ ਗ੍ਰਿਫ਼ਤਾਰ ਕਰਨ ਦਾ ਦੋਸ਼ ਲਗਾਇਆ ਸੀ।

ਉਨ੍ਹਾਂ ਨੇ ਪਟੀਸ਼ਨ ’ਚ ਕਿਹਾ ਸੀ ਕਿ ਹੁਣ ਤੋਂ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਦੇ ਨਿਰਦੇਸ਼ ’ਤੇ ਇਹ ਕਾਰਵਾਈ ਕੀਤੀ ਗਈ। ਸੁਪ੍ਰੀਮ ਕੋਰਟ ’ਚ ਦਾਇਰ ਪਟੀਸ਼ਨ ਵਿਚ ਸੋਰੇਨ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਗ਼ਲਤ, ਮਨਮਾਨੀ ਅਤੇ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਐਲਾਨਣ ਦੀ ਅਪੀਲ ਕੀਤੀ ਸੀ। ਸੋਰੇਨ ਨੂੰ 31 ਜਨਵਰੀ ਨੂੰ ਜ਼ਮੀਨ ਦੇ ਗ਼ੈਰ-ਕਾਨੂੰਨੀ ਕਬਜ਼ੇ ਅਤੇ ਭੂ-ਮਾਫ਼ੀਆ ਨਾਲ ਸਬੰਧਾਂ ਨਾਲ ਜੁੜੇ ਮਨੀ ਲਾੰਡਰਿੰਗ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਂਚੀ ਦੀ ਇਕ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਉਨ੍ਹਾਂ ਨੂੰ ਵੀਰਵਾਰ ਨੂੰ ਇਕ ਦਿਨ ਦੀ ਨਿਆਇਕ ਹਿਰਾਸਤ ’ਚ ਭੇਜ ਦਿਤਾ ਸੀ।

(For more Punjabi news apart from Former Jharkhand CM Hemant Soren sent to 5-day ED custody, stay tuned to Rozana Spokesman)