ਤੇਲੰਗਾਨਾ ’ਚ ਜਾਤ ਅਧਾਰਤ ਸਰਵੇਖਣ ਦੀ ਰਿਪੋਰਟ ਤਿਆਰ, ਸਭ ਤੋਂ ਵੱਧ ਆਬਾਦੀ ਪੱਛੜੀਆਂ ਸ਼੍ਰੇਣੀਆਂ ਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਿਪੋਰਟ ਭਲਕੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ’ਚ ਪੇਸ਼ ਕੀਤੀ ਜਾਵੇਗੀ

Caste-based survey report ready in Langana, largest population belongs to backward classes

ਹੈਦਰਾਬਾਦ : ਤੇਲੰਗਾਨਾ ਦੀ ਕੁਲ 3.70 ਕਰੋੜ ਆਬਾਦੀ ’ਚ ਮੁਸਲਿਮ ਘੱਟ ਗਿਣਤੀਆਂ ਤੋਂ ਇਲਾਵਾ ਹੋਰ ਪੱਛੜੀਆਂ ਸ਼੍ਰੇਣੀਆਂ ਦੀ ਗਿਣਤੀ 46.25 ਫ਼ੀ ਸਦੀ ਹੈ। ਇਸ ਤੋਂ ਬਾਅਦ ਅਨੁਸੂਚਿਤ ਜਾਤੀਆਂ (17.43 ਫੀ ਸਦੀ), ਅਨੁਸੂਚਿਤ ਜਨਜਾਤੀਆਂ (10.45), ਮੁਸਲਮਾਨਾਂ ਵਿਚ ਪੱਛੜੀਆਂ ਸ਼੍ਰੇਣੀਆਂ (10.08) ਅਤੇ ਹੋਰ ਜਾਤੀਆਂ (13.31), ਮੁਸਲਮਾਨਾਂ ਵਿਚ ਓ.ਸੀ. (2.48 ਫੀ ਸਦੀ) ਦਾ ਨੰਬਰ ਹੈ।

ਸਰਵੇਖਣ ਕਰਨ ਵਾਲੇ ਸੂਬਾ ਯੋਜਨਾ ਵਿਭਾਗ ਨੇ ਐਤਵਾਰ ਨੂੰ ਸੂਬੇ ਦੇ ਸਿਵਲ ਸਪਲਾਈ ਮੰਤਰੀ ਐਨ. ਉੱਤਮ ਕੁਮਾਰ ਰੈੱਡੀ ਦੀ ਅਗਵਾਈ ਵਾਲੀ ਕੈਬਨਿਟ ਸਬ-ਕਮੇਟੀ ਨੂੰ ਅਪਣੀ ਰੀਪੋਰਟ ਸੌਂਪੀ। ਮੰਤਰੀ ਨੇ ਕਿਹਾ ਕਿ ਰੀਪੋਰਟ 4 ਫ਼ਰਵਰੀ ਨੂੰ ਰਾਜ ਕੈਬਨਿਟ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ। ਉਸੇ ਦਿਨ ਇਸ ਨੂੰ ਬਹਿਸ ਲਈ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਸਾਹਮਣੇ ਰੱਖਿਆ ਜਾਵੇਗਾ।

ਸੂਬੇ ਅੰਦਰ ਅਨੁਸੂਚਿਤ ਜਾਤੀਆਂ ਦੀ ਆਬਾਦੀ 61,84,319, ਅਨੁਸੂਚਿਤ ਜਨਜਾਤੀ ਦੀ 37,05,929, ਮੁਸਲਿਮ ਘੱਟ ਗਿਣਤੀਆਂ ਤੋਂ ਇਲਾਵਾ ਹੋਰ ਪੱਛੜੀਆਂ ਸ਼੍ਰੇਣੀਆਂ ਦੀ ਆਬਾਦੀ 1,64,09,179, ਮੁਸਲਿਮ ਘੱਟ ਗਿਣਤੀਆਂ ਵਿਚ 35,76,588, ਮੁਸਲਿਮ (ਓਸੀ) ਦੀ 8,80,424 ਹੈ। ਰੈੱਡੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਸੂਬੇ ’ਚ ਮੁਸਲਮਾਨ ਕੁਲ ਆਬਾਦੀ ਦਾ 12.56 ਫ਼ੀ ਸਦੀ ਹਨ। ਸੂਬੇ ’ਚ ਕੁਲ ਪਰਵਾਰ 1,15,78,457 ਹਨ, ਜਦਕਿ ਸਰਵੇਖਣ ਕੀਤੇ ਗਏ ਕੁਲ ਪਰਵਾਰ 1,12,15,134 ਹਨ।

ਤੇਲੰਗਾਨਾ ਪੱਛੜੀਆਂ ਸ਼੍ਰੇਣੀਆਂ ਦੀ ਸ਼੍ਰੇਣੀ ’ਚ ਪੱਛੜੇ ਮੁਸਲਮਾਨਾਂ ਨੂੰ ਰਾਖਵਾਂਕਰਨ ਪ੍ਰਦਾਨ ਕਰਦਾ ਹੈ। ਰੈੱਡੀ ਨੇ ਰੀਪੋਰਟ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਸਰਵੇਖਣ ’ਚ 3,54,77,554 ਵਿਅਕਤੀਆਂ (96.9 ਫੀ ਸਦੀ ਆਬਾਦੀ) ਨੂੰ ਸ਼ਾਮਲ ਕੀਤਾ ਗਿਆ।

ਉਨ੍ਹਾਂ ਕਿਹਾ ਕਿ 3.1 ਫੀ ਸਦੀ ਆਬਾਦੀ (16 ਲੱਖ) ਸਰਵੇਖਣ ਤੋਂ ਬਾਹਰ ਰਹਿ ਗਈ ਕਿਉਂਕਿ ਉਹ ਜਾਂ ਤਾਂ ਉਪਲਬਧ ਨਹੀਂ ਸਨ ਜਾਂ ਉਨ੍ਹਾਂ ਨੇ ਇਸ ਵਿਚ ਹਿੱਸਾ ਲੈਣ ਵਿਚ ਦਿਲਚਸਪੀ ਨਹੀਂ ਵਿਖਾ ਈ।

ਮੰਤਰੀ ਨੇ ਕਿਹਾ ਕਿ ਰੀਪੋਰਟ ਤਿਆਰ ਕਰਨ ਦੀ ਇਹ ਪ੍ਰਕਿਰਿਆ ਤੇਲੰਗਾਨਾ ਸਰਕਾਰ ਲਈ ਇਕ ਇਤਿਹਾਸਕ ਪ੍ਰਾਪਤੀ ਹੈ ਜੋ ਦੇਸ਼ ਦੇ ਸਮਾਜਕ ਇਤਿਹਾਸ ਵਿਚ ਦਰਜ ਹੋਵੇਗੀ। ਉਨ੍ਹਾਂ ਕਿਹਾ ਕਿ ਸਰਵੇਖਣ ਦੇ ਜ਼ਰੀਏ ਸਮਾਜਕ, ਆਰਥਕ, ਵਿਦਿਅਕ, ਸਿਆਸੀ ਖੇਤਰਾਂ ’ਚ ਅੰਕੜਾ-ਆਧਾਰਤ ਭਲਾਈ ਅਤੇ ਡਾਟਾ-ਆਧਾਰਤ ਮੌਕੇ ਤੇਲੰਗਾਨਾ ਦੇ ਸੱਭ ਤੋਂ ਗਰੀਬ, ਕਮਜ਼ੋਰ ਅਤੇ ਹਾਸ਼ੀਏ ’ਤੇ ਰਹਿਣ ਵਾਲੇ ਵਰਗਾਂ ਨੂੰ ਉਪਲਬਧ ਹੋਣਗੇ।

ਕਾਂਗਰਸ ਸਰਕਾਰ ਦਾ ਵਿਆਪਕ ਸਮਾਜਕ-ਆਰਥਕ, ਰੁਜ਼ਗਾਰ, ਸਿਆਸੀ ਅਤੇ ਜਾਤੀ ਸਰਵੇਖਣ, ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਚੋਣ ਵਾਅਦਾ, 6 ਨਵੰਬਰ, 2024 ਤੋਂ 50 ਦਿਨਾਂ ਲਈ ਕੀਤਾ ਗਿਆ ਸੀ।