ਦਿੱਲੀ ਪੁਲਿਸ ਨੂੰ ਫਿਲੀਪੀਨਜ਼ ਤੋਂ ਮਿਲੀ ਗੈਂਗਸਟਰ ਜੋਗਿੰਦਰ ਗਯੋਂਗ ਦੀ ਹਵਾਲਗੀ
ਇੰਟਰਪੋਲ ਰੈੱਡ ਨੋਟਿਸ ਮਿਲਣ ਤੋਂ ਬਾਅਦ ਡਿਪੋਰਟ ਕਰ ਦਿਤਾ
ਨਵੀਂ ਦਿੱਲੀ: ਇੰਟਰਪੋਲ ਰੈੱਡ ਨੋਟਿਸ ਦਾ ਸਾਹਮਣਾ ਕਰ ਰਹੇ ਅਤੇ ਕਈ ਸੂਬਿਆਂ ’ਚ ਅਪਰਾਧਕ ਮਾਮਲਿਆਂ ’ਚ ਲੋੜੀਂਦੇ ਗੈਂਗਸਟਰ ਜੋਗਿੰਦਰ ਗਯੋਂਗ ਨੂੰ ਐਤਵਾਰ ਨੂੰ ਫਿਲੀਪੀਨਜ਼ ਤੋਂ ਦਿੱਲੀ ਡੀਪੋਰਟ ਕਰ ਦਿਤਾ ਗਿਆ। ਪੁਲਿਸ ਨੇ ਦਸਿਆ ਕਿ ਗਯੋਂਗ ਕੌਸ਼ਲ ਚੌਧਰੀ ਗੈਂਗ ਦਾ ਮੁੱਖ ਕਾਰਕੁੰਨ ਸੀ ਅਤੇ ਉਸ ਦੇ ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਨਾਲ ਜੁੜੇ ਅਤਿਵਾਦੀ ਅਰਸ਼ ਡੱਲਾ ਅਤੇ ਭਗੌੜੇ ਗੈਂਗਸਟਰ ਲੱਕੀ ਪਟਿਆਲ ਨਾਲ ਨੇੜਲੇ ਸਬੰਧ ਸਨ।
ਗੈਂਗਸਟਰ ਹਰਿਆਣਾ ਅਤੇ ਦਿੱਲੀ ’ਚ ਪੁਲਿਸ ਬਲਾਂ ਨੂੰ ਲੋੜੀਂਦਾ ਸੀ। ਅਧਿਕਾਰੀਆਂ ਨੇ ਦਸਿਆ ਕਿ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਉਸ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ।ਸੀ.ਬੀ.ਆਈ. ਦੇ ਇਕ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ 25 ਅਕਤੂਬਰ, 2024 ਨੂੰ ਇੰਟਰਪੋਲ ਤੋਂ ਗਯੋਂਗ ਦੇ ਵਿਰੁਧ ਰੈੱਡ ਨੋਟਿਸ ਜਾਰੀ ਕੀਤਾ ਸੀ, ਜਿਸ ਨੂੰ ਲੋੜੀਂਦੇ ਅਪਰਾਧੀ ਦਾ ਪਤਾ ਲਗਾਉਣ ਲਈ ਵਿਸ਼ਵ ਭਰ ਦੀਆਂ ਸਾਰੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਭੇਜਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਰੈੱਡ ਨੋਟਿਸ ਦੇ ਆਧਾਰ ’ਤੇ ਜੋਗਿੰਦਰ ਗਯੋਂਗ ਨੂੰ ਫਿਲੀਪੀਨਜ਼ ਤੋਂ ਬੈਂਕਾਕ ਦੇ ਰਸਤੇ ਦਿੱਲੀ ਭੇਜਿਆ ਗਿਆ।
ਬਿਆਨ ’ਚ ਕਿਹਾ ਗਿਆ, ‘‘ਗਯੋਂਗ ਇਕ ਗੈਂਗਸਟਰ ਹੈ ਜੋ ਹਰਿਆਣਾ ਪੁਲਿਸ ਨੂੰ ਇਕ ਕਤਲ ਦੇ ਮਾਮਲੇ ਵਿਚ ਲੋੜੀਂਦਾ ਹੈ। ਉਸ ਨੂੰ ਸ਼ੱਕ ਸੀ ਕਿ ਪੀੜਤ ਨੇ ਉਸ ਦੇ ਗੈਂਗਸਟਰ ਭਰਾ ਸੁਰਿੰਦਰ ਗਯੋਂਗ ਦੀ ਅਸਲ ਪਛਾਣ ਅਤੇ ਟਿਕਾਣੇ ਦਾ ਪ੍ਰਗਟਾਵਾ ਪੁਲਿਸ ਨੂੰ ਕੀਤਾ ਸੀ। ਸੁਰੇਂਦਰ ਗਯੋਂਗ ਪੁਲਿਸ ਨਾਲ ਮੁਕਾਬਲੇ ’ਚ ਮਾਰਿਆ ਗਿਆ ਸੀ।’’ ਸੀ.ਬੀ.ਆਈ. ਨੇ ਕਿਹਾ ਕਿ ਜੋਗਿੰਦਰ ਗਯੋਂਗ ਨੇ ਅਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਪਾਣੀਪਤ ’ਚ ਪੀੜਤ ਦੀ ਕਥਿਤ ਤੌਰ ’ਤੇ ਯੋਜਨਾ ਬਣਾਈ ਅਤੇ ਕਤਲ ਕਰ ਦਿਤਾ।
ਬੁਲਾਰੇ ਨੇ ਦਸਿਆ ਕਿ ਉਹ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਜਬਰੀ ਵਸੂਲੀ ਅਤੇ ਫਿਰੌਤੀ ਲਈ ਅਗਵਾ ਕਰਨ ਦੇ ਅਪਰਾਧਾਂ ਲਈ ਦਿੱਲੀ ਅਤੇ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਅਪਰਾਧਕ ਮਾਮਲਿਆਂ ’ਚ ਵੀ ਕਥਿਤ ਤੌਰ ’ਤੇ ਸ਼ਾਮਲ ਸੀ।ਇਸ ਦੌਰਾਨ ਦਿੱਲੀ ਪੁਲਿਸ ਨੇ ਕਿਹਾ ਕਿ ਗਯੋਂਗ ਨੂੰ ਫਿਲੀਪੀਨਜ਼ ਬਿਊਰੋ ਆਫ ਇਮੀਗ੍ਰੇਸ਼ਨ (ਪੀ.ਬੀ.ਆਈ.) ਨੇ ਪਿਛਲੇ ਸਾਲ ਜੁਲਾਈ ’ਚ ਬਕੋਲੋਡ ਸਿਟੀ ਤੋਂ ਗ੍ਰਿਫਤਾਰ ਕੀਤਾ ਸੀ। ਦਿੱਲੀ ਪੁਲਿਸ ਨੇ ਦਸਿਆ ਕਿ ਪੀ.ਬੀ.ਆਈ. ਅਧਿਕਾਰੀਆਂ ਨੇ ਗਯੋਂਗ ਦੀ ਪਛਾਣ ਭਾਰਤੀ-ਨੇਪਾਲੀ ਨਾਗਰਿਕ ਅਤੇ ਵੱਖਵਾਦੀ ਅਤਿਵਾਦੀ ਨੈੱਟਵਰਕ ਦੀ ਮੁੱਖ ਸ਼ਖਸੀਅਤ ਵਜੋਂ ਕੀਤੀ ਹੈ।
ਗਯੋਂਗ ਨੂੰ ਹਰਿਆਣਾ ’ਚ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪੁਲਿਸ ਨੇ ਦਸਿਆ ਕਿ ਪੈਰੋਲ ’ਤੇ ਰਹਿੰਦੇ ਹੋਏ ਉਸ ਨੇ ਦਸੰਬਰ 2017 ’ਚ ਪਾਣੀਪਤ ’ਚ ਕਤਲ ਕੀਤਾ ਸੀ ਅਤੇ ਬਾਅਦ ’ਚ ਦੇਸ਼ ਛੱਡ ਕੇ ਭੱਜ ਗਿਆ ਸੀ। ਇਸ ਤੋਂ ਪਹਿਲਾਂ ਉਸ ਨੂੰ ਪੰਜ ਕਤਲਾਂ ਸਮੇਤ 15 ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ।
ਐਡੀਸ਼ਨਲ ਸੀਪੀ (ਸਪੈਸ਼ਲ ਸੈੱਲ) ਪ੍ਰਮੋਦ ਕੁਸ਼ਵਾਹ ਨੇ ਕਿਹਾ ਕਿ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਗੈਂਗਸਟਰ-ਅਤਿਵਾਦੀ ਸਹਿਯੋਗ ਦੀ ਵਿਆਪਕ ਜਾਂਚ ਦੇ ਹਿੱਸੇ ਵਜੋਂ ਗਯੋਂਗ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਿਹਾ ਹੈ।ਖੁਫੀਆ ਰੀਪੋਰਟਾਂ ਤੋਂ ਪਤਾ ਲਗਦਾ ਹੈ ਕਿ ਉਹ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਦਿੱਲੀ-ਐਨ.ਸੀ.ਆਰ. ਦੇ ਅਪਰਾਧੀਆਂ ਨਾਲ ਮਜ਼ਬੂਤ ਸਬੰਧਾਂ ਦੇ ਨਾਲ ਜਬਰੀ ਵਸੂਲੀ, ਠੇਕੇ ’ਤੇ ਕਤਲਾਂ, ਹਥਿਆਰਾਂ ਦੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਡੂੰਘੀ ਸ਼ਮੂਲੀਅਤ ਰੱਖਦਾ ਹੈ।
ਵਿਆਪਕ ਨਿਗਰਾਨੀ ਤੋਂ ਬਾਅਦ, ਅਧਿਕਾਰੀਆਂ ਨੇ ਫਿਲੀਪੀਨਜ਼ ਦੇ ਬਾਕੋਲੋਡ ਸਿਟੀ ’ਚ ਉਸ ਦੇ ਟਿਕਾਣੇ ਦਾ ਪਤਾ ਲਗਾਇਆ, ਜਿੱਥੇ ਉਸ ਨੇ ਝੂਠੀ ਪਛਾਣ ਬਣਾਈ ਸੀ। ਭਾਰਤੀ ਸੁਰੱਖਿਆ ਏਜੰਸੀਆਂ ਦੀ ਸਾਂਝੀ ਬੇਨਤੀ ਤੋਂ ਬਾਅਦ ਉਸ ਨੂੰ ਹਿਰਾਸਤ ’ਚ ਲੈ ਲਿਆ ਗਿਆ ਅਤੇ ਉਸ ਨੂੰ ਡਿਪੋਰਟ ਕਰ ਦਿਤਾ ਗਿਆ, ਜਿਸ ਕਾਰਨ ਉਸ ਨੂੰ 1 ਫ਼ਰਵਰੀ ਦੀ ਰਾਤ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਮਿੱਡੂਖੇੜਾ, ਗੁਰਲਾਲ ਬਰਾੜ ਅਤੇ ਸੰਦੀਪ ਨੰਗਲ ਅੰਬੀਆਂ ਦੇ ਕਤਲ ’ਚ ਕੀਤੀ ਸੀ ਮਦਦ
ਗਯੋਂਗ ਜੇਲ੍ਹ ’ਚ ਬੰਦ ਗੈਂਗਸਟਰ ਕੌਸ਼ਲ ਚੌਧਰੀ ਦਾ ਸਰਗਰਮ ਸਹਿਯੋਗੀ ਸੀ ਅਤੇ ਅਪਰਾਧਕ ਕਾਰਵਾਈਆਂ ਲਈ ਫੰਡਾਂ ਅਤੇ ਬੰਦਿਆਂ ਸਪਲਾਈ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਸੀ। ਅਧਿਕਾਰੀ ਨੇ ਦਸਿਆ ਕਿ ਉਸ ਦਾ ਪ੍ਰਭਾਵ ਭਾਰਤ ਤੋਂ ਬਾਹਰ ਵੀ ਫੈਲਿਆ ਹੋਇਆ ਸੀ ਅਤੇ ਉਸ ਨੂੰ ਵਿਦੇਸ਼ਾਂ ’ਚ ਸਰਗਰਮ ਖਾਲਿਸਤਾਨੀ ਸਮਰਥਕ ਤੱਤਾਂ ਨਾਲ ਜੋੜਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਸੰਪਰਕਾਂ ਨੇ ਕਥਿਤ ਤੌਰ ’ਤੇ ਗੈਰ-ਕਾਨੂੰਨੀ ਗਤੀਵਿਧੀਆਂ ’ਚ ਸਹਾਇਤਾ ਕੀਤੀ, ਜਿਸ ’ਚ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਪੰਜਾਬ ਯੂਨੀਵਰਸਿਟੀ (ਸੋਪੂ) ਦੇ ਸਾਬਕਾ ਪ੍ਰਧਾਨ ਵਿੱਕੀ ਮਿੱਡੂਖੇੜਾ, ਗੁਰਲਾਲ ਬਰਾੜ ਅਤੇ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ 2007 ’ਚ ਦਖਣੀ ਅਫਰੀਕਾ ਤੋਂ ਪਹਿਲੀ ਵਾਰ ਦੇਸ਼ ਨਿਕਾਲੇ ਤੋਂ ਬਾਅਦ ਗਯੋਂਗ ਭੱਜਣ ’ਚ ਕਾਮਯਾਬ ਰਿਹਾ ਅਤੇ ਅਪਣੇ ਅਪਰਾਧਕ ਸਾਮਰਾਜ ਦਾ ਮੁੜ ਨਿਰਮਾਣ ਕਰਨ ’ਚ ਸਫਲ ਰਿਹਾ।
ਗਯੋਂਗ ਦਾ ਅਪਰਾਧਕ ਇਤਿਹਾਸ ਦੋ ਦਹਾਕਿਆਂ ਤੋਂ ਵੱਧ ਪੁਰਾਣਾ ਹੈ, ਜਿਸ ਦੇ ਨਾਮ ’ਤੇ 24 ਮਾਮਲੇ ਦਰਜ ਹਨ। ਪੁਲਿਸ ਨੇ ਦਸਿਆ ਕਿ ਕਈ ਮਾਮਲਿਆਂ ’ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਸ ਨੇ ਵਿਦੇਸ਼ਾਂ ਤੋਂ ਅਪਣੀਆਂ ਅਪਰਾਧਕ ਗਤੀਵਿਧੀਆਂ ਜਾਰੀ ਰੱਖੀਆਂ ਅਤੇ ਭਾਰਤ ’ਚ ਅਪਰਾਧਾਂ ਨੂੰ ਅੰਜਾਮ ਦੇਣ ਲਈ ਅਪਣੇ ਨੈੱਟਵਰਕ ਦੀ ਵਰਤੋਂ ਕੀਤੀ।
ਗਯੋਂਗ ਹਰਿਆਣਾ ’ਚ ਡਾਕਟਰਾਂ, ਸ਼ਰਾਬ ਵਿਕਰੇਤਾਵਾਂ ਅਤੇ ਅਮੀਰ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਅਪਣੇ ਜਬਰੀ ਵਸੂਲੀ ਦੇ ਨੈੱਟਵਰਕ ਦਾ ਮੁੜ ਨਿਰਮਾਣ ਕਰ ਰਿਹਾ ਸੀ। ਉਸ ਦੀ ਗ੍ਰਿਫਤਾਰੀ ਨਾਲ ਸੁਰੱਖਿਆ ਏਜੰਸੀਆਂ ਨੂੰ ਉਮੀਦ ਹੈ ਕਿ ਭਾਰਤੀ ਅਪਰਾਧਕ ਸਿੰਡੀਕੇਟ ਅਤੇ ਵਿਦੇਸ਼ੀ ਅਤਿਵਾਦੀ ਨੈੱਟਵਰਕ ਵਿਚਾਲੇ ਹੋਰ ਸਬੰਧਾਂ ਦਾ ਪਰਦਾਫਾਸ਼ ਹੋਵੇਗਾ। ਉਸ ਤੋਂ ਪੁੱਛ-ਪੜਤਾਲ ਤੋਂ ਪ੍ਰਮੁੱਖ ਕਾਰਜਕਰਤਾਵਾਂ, ਲੌਜਿਸਟਿਕ ਹੱਬਾਂ ਅਤੇ ਵਿੱਤੀ ਹਮਾਇਤੀਆਂ ਦਾ ਪ੍ਰਗਟਾਵਾ ਹੋਣ ਦੀ ਸੰਭਾਵਨਾ ਹੈ।ਉਸ ਦਾ ਛੋਟਾ ਭਰਾ ਸੁਰਿੰਦਰ ਗਯੋਂਗ ਵੀ ਅਪਰਾਧੀ ਸੀ, ਜੋ 2017 ’ਚ ਹਰਿਆਣਾ ਪੁਲਿਸ ਨਾਲ ਮੁਕਾਬਲੇ ’ਚ ਮਾਰਿਆ ਗਿਆ ਸੀ।