ਆਦਿਵਾਸੀ ਮਾਮਲਿਆਂ ਦਾ ਵਿਭਾਗ ਉੱਚ ਜਾਤੀਆਂ ਦੇ ਮੈਂਬਰਾਂ ਨੂੰ ਸੰਭਾਲਣਾ ਚਾਹੀਦੈ : ਸੁਰੇਸ਼ ਗੋਪੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਨੇ ਪੈਦਾ ਕੀਤਾ ਵਿਵਾਦ, ਸੀ.ਪੀ.ਆਈ. ਨੇ ਕੇਂਦਰੀ ਮੰਤਰਾਲੇ ਤੋਂ ਹਟਾਉਣ ਦੀ ਕੀਤੀ ਮੰਗ

Tribal Affairs Department should be handled by members of upper castes: Suresh Gopi

ਨਵੀਂ ਦਿੱਲੀ/ਤਿਰੂਵਨੰਤਪੁਰਮ : ਕੇਂਦਰੀ ਪਟਰੌਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਨੇ ਐਤਵਾਰ ਨੂੰ ਇਹ ਕਹਿ ਕੇ ਵਿਵਾਦ ਖੜਾ  ਕਰ ਦਿਤਾ ਕਿ ਉੱਚ ਜਾਤੀਆਂ ਦੇ ਮੈਂਬਰਾਂ ਨੂੰ ਕਬਾਇਲੀ ਮਾਮਲਿਆਂ ਦਾ ਵਿਭਾਗ ਸੰਭਾਲਣਾ ਚਾਹੀਦਾ ਹੈ।

ਨਵੀਂ ਦਿੱਲੀ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਚੋਣ ਮੁਹਿੰਮ ਨੂੰ ਸੰਬੋਧਨ ਕਰਦਿਆਂ ਅਦਾਕਾਰ ਤੋਂ ਸਿਆਸਤਦਾਨ ਬਣੇ ਗੋਪੀ ਨੇ ਕਿਹਾ ਕਿ ਆਦਿਵਾਸੀ ਭਲਾਈ ’ਚ ਅਸਲ ਤਰੱਕੀ ਤਾਂ ਹੀ ਸੰਭਵ ਹੋਵੇਗੀ ਜਦੋਂ ਉੱਚ ਜਾਤੀਆਂ ਦੇ ਨੇਤਾ ਮੰਤਰਾਲੇ ਦੀ ਨਿਗਰਾਨੀ ਕਰਨਗੇ।

ਗੋਪੀ ਨੇ ਕਿਹਾ, ‘‘ਇਹ ਸਾਡੇ ਦੇਸ਼ ਦਾ ਸਰਾਪ ਹੈ ਕਿ ਆਦਿਵਾਸੀ ਭਾਈਚਾਰੇ ਦੇ ਕਿਸੇ ਵਿਅਕਤੀ ਨੂੰ ਹੀ ਆਦਿਵਾਸੀ ਮਾਮਲਿਆਂ ਦਾ ਮੰਤਰੀ ਬਣਾਇਆ ਜਾ ਸਕਦਾ ਹੈ। ਇਹ ਮੇਰਾ ਸੁਪਨਾ ਅਤੇ ਉਮੀਦ ਹੈ ਕਿ ਆਦਿਵਾਸੀ ਭਾਈਚਾਰੇ ਤੋਂ ਬਾਹਰ ਦੇ ਕਿਸੇ ਵਿਅਕਤੀ ਨੂੰ ਉਨ੍ਹਾਂ ਦੀ ਭਲਾਈ ਲਈ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਕਿਸੇ ਬ੍ਰਾਹਮਣ ਜਾਂ ਨਾਇਡੂ ਨੂੰ ਅਹੁਦਾ ਸੰਭਾਲਣ ਦਿਓ- ਮਹੱਤਵਪੂਰਨ ਤਬਦੀਲੀ ਆਵੇਗੀ। ਇਸੇ ਤਰ੍ਹਾਂ ਆਦਿਵਾਸੀ ਨੇਤਾਵਾਂ ਨੂੰ ਅਗਾਂਹਵਧੂ ਭਾਈਚਾਰਿਆਂ ਦੀ ਭਲਾਈ ਲਈ ਵਿਭਾਗ ਦਿਤਾ ਜਾਣਾ ਚਾਹੀਦਾ ਹੈ।’’ ਗੋਪੀ ਨੇ ਕਿਹਾ, ‘‘ਅਜਿਹੀ ਤਬਦੀਲੀ ਸਾਡੀ ਲੋਕਤੰਤਰੀ ਪ੍ਰਣਾਲੀ ਦੇ ਅੰਦਰ ਹੋਣੀ ਚਾਹੀਦੀ ਹੈ।’’

ਕਬਾਇਲੀ ਮਾਮਲਿਆਂ ਦਾ ਵਿਭਾਗ ਸੰਭਾਲਣ ਦੀ ਇੱਛਾ ਜ਼ਾਹਰ ਕਰਦਿਆਂ ਤ੍ਰਿਸੂਰ ਦੇ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਮੰਤਰਾਲਾ ਦਿਤਾ ਜਾਵੇ।

ਗੋਪੀ ਦੀ ਟਿਪਣੀ  ਨੇ ਪੂਰੇ ਕੇਰਲ ’ਚ ਵਿਆਪਕ ਆਲੋਚਨਾ ਸ਼ੁਰੂ ਕਰ ਦਿਤੀ। ਸੀ.ਪੀ.ਆਈ. ਦੇ ਸੂਬਾ ਸਕੱਤਰ ਬੇਨੋਏ ਵਿਸ਼ਵਮ ਨੇ ਗੋਪੀ ’ਤੇ  ਵਰ੍ਹਦਿਆਂ ਉਨ੍ਹਾਂ ਨੂੰ ‘ਚਤੁਰਵਰਣ’ (ਜਾਤੀ ਪ੍ਰਣਾਲੀ) ਦਾ ਪ੍ਰਤੀਕ ਦਸਿਆ  ਅਤੇ ਉਸ ਨੂੰ ਕੇਂਦਰੀ ਮੰਤਰਾਲੇ ਤੋਂ ਹਟਾਉਣ ਦੀ ਮੰਗ ਕੀਤੀ।

ਉੱਘੇ ਆਦਿਵਾਸੀ ਆਗੂ ਸੀ.ਕੇ. ਜਾਨੂੰ ਨੇ ਵੀ ਗੋਪੀ ਦੀਆਂ ਟਿਪਣੀਆਂ ਦੀ ਸਖ਼ਤ ਨਿੰਦਾ ਕੀਤੀ ਅਤੇ ਉਨ੍ਹਾਂ ਨੂੰ ‘ਨੀਵੇਂ ਦਰਜੇ ਦਾ’ ਅਤੇ ਸਮਝ ਦੀ ਘਾਟ ਵਾਲਾ ਦਸਿਆ। ਇਸ ਸਮੇਂ ਭਾਜਪਾ ਆਗੂ ਜੁਆਲ ਓਰਾਮ, ਜੋ ਓਡੀਸ਼ਾ ਦਾ ਇਕ ਪ੍ਰਮੁੱਖ ਆਦਿਵਾਸੀ ਚਿਹਰਾ ਹਨ, ਮੋਦੀ ਦੀ ਅਗਵਾਈ ਵਾਲੀ ਕੈਬਨਿਟ ’ਚ ਆਦਿਵਾਸੀ ਮਾਮਲਿਆਂ ਦਾ ਪੋਰਟਫੋਲੀਓ ਸੰਭਾਲ ਰਹੇ ਹਨ।