ਜੰਮੂ-ਕਸ਼ਮੀਰ : ਵੱਖ ਵੱਖ ਸੜਕ ਹਾਦਸਿਆਂ 'ਚ 10 ਦੀ ਮੌਤ, 34 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਦੇ ਉਧਮਪੁਰ ਕਿਸ਼ਤਵਾੜ ਅਤੇ ਰਾਮਬਨ ਜ਼ਿਲ੍ਹਿਆਂ ਵਿਚ ਹੋਏ ਅਲੱਗ ਅਲੱਗ ਸੜਕ ਹਾਦਸਿਆਂ ਵਿਚ ਦੋ ਔਰਤਾਂ ਸਣੇ...

Accident

ਜੰਮੂ : ਜੰਮੂ ਕਸ਼ਮੀਰ ਦੇ ਉਧਮਪੁਰ ਕਿਸ਼ਤਵਾੜ ਅਤੇ ਰਾਮਬਨ ਜ਼ਿਲ੍ਹਿਆਂ ਵਿਚ ਹੋਏ ਅਲੱਗ ਅਲੱਗ ਸੜਕ ਹਾਦਸਿਆਂ ਵਿਚ ਦੋ ਔਰਤਾਂ ਸਣੇ 10 ਲੋਕਾਂ ਦੀ ਮੌਤ ਹੋ ਗਈ ਅਤੇ 34 ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਦਸਿਆ ਕਿ 40 ਯਾਤਰੀਆਂ ਨੂੰ ਲੈ ਕੇ ਜਾ ਰਹੀ ਨਿਜੀ ਬਸ ਸੁਰੀਨਸਰ ਨੇੜੇ ਚੰਦੇਹ ਪਿੰਡ ਵਿਚ ਅੱਧੀ ਰਾਤ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਸੰਤੁਲਨ ਵਿਗੜਣ ਕਾਰਨ ਬੱਸ ਖੱਡ ਵਿਚ ਡਿੱਗ ਗਈ। ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ 'ਤੇ ਪਾਬੰਦੀ ਕਾਰਨ ਟ੍ਰੈਫ਼ਿਕ ਪੁਲਿਸ ਤੋਂ ਬਚਣ ਲਈ ਚਾਲਕ ਨੇ ਕਥਿਤ ਰੂਪ ਵਿਚ ਕੋਈ ਹੋਰ ਰਾਹ ਚੁਣ ਲਿਆ ਸੀ। 

ਜ਼ਿਕਰਯੋਗ ਹੈ ਕਿ ਬਰਫ਼ਬਾਰੀ ਅਤੇ ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਰਾਜਮਾਰਗ ਕਈ ਦਿਨਾਂ ਤੋਂ ਬੰਦ ਸੀ ਜਿਸ ਨੂੰ ਪੁਲਿਸ ਨੇ  ਸਨਿਚਰਵਾਰ ਨੂੰ ਜੰਮੂ ਤੋਂ ਸ੍ਰੀਨਗਰ ਜਾਣ ਵਾਲੇ ਲੋਕਾਂ ਲਈ ਖੋਲ ਦਿਤਾ ਸੀ। ਅਧਿਕਾਰੀਆਂ ਨੇ ਦਸਿਆ ਕਿ ਸ਼ੋਪੀਆ ਜ਼ਿਲ੍ਹੇ ਦੇ ਮੁਹਮੰਦ ਇਕਬਾਲ ਬਰਕਤ ਅਤੇ ਮੰਜੂਰ ਅਹਿਮਦ, ਬਾਂਦੀਪੁਰਾ ਦੇ ਫ਼ਾਰੁਕ ਅਹਿਮਕ, ਆਸੀਆ ਬਸ਼ੀਰ ਅਤੇ ਬੜਗਾਮ ਦੇ ਜਾਵੇਦ ਅਹਿਮਦ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਜ਼ਖ਼ਮੀਆਂ ਵਿਚੋਂ ਇਕ ਬਾਰਾਮੁਲਾ ਦੇ ਗ਼ੁਲਾਮ ਅਹਿਮਦ ਮੀਰ ਨੂੰ ਡਾਕਟਰਾਂ ਨੇ ਮ੍ਰਿਤ ਐਲਾਨ ਦਿਤਾ ਅਤੇ ਹੋਰ ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦਸਿਆ ਕਿ ਇਕ ਹੋਰ ਹਾਦਸੇ ਦੌਰਾਨ ਕਿਸ਼ਤਵਾੜ ਜ਼ਿਲ੍ਹੇ ਦੇ ਡਡਪੈਥ ਮੁਗ਼ਲਮੈਦਾਨ ਵਿਚ ਇਕ ਕੈਬ (ਟੈਕਸੀ) ਦੇ ਡੂੰਘੇ ਖੱਡੇ ਵਿਚ ਡਿੱਗਣ ਕਾਰਨ ਇਕ ਔਰਤ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਹੀ। ਇਸ ਤਰ੍ਹਾਂ ਰਾਮਬਨ ਨੇੜੇ ਜੰਮੂ ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਦੋ ਟਰੱਕਾਂ ਦੀ ਟੱਕਰ ਵਿਚ ਜੰਮੂ ਦੇ ਰਹਿਣ ਵਾਲੇ ਚਾਲਕ ਗੁਰਦੇਵ ਸਿੰਘ ਦੀ ਮੌਤ ਹੋ ਗਈ।