'ਤੁਸੀਂ ਬਹੁਤ ਬਹਾਦਰੀ ਦਿਖਾਈ' - ਯੂਕਰੇਨ ਤੋਂ ਪਰਤੇ ਭਾਰਤੀਆਂ ਨਾਲ ਗੱਲਬਾਤ ਦੌਰਾਨ ਬੋਲੇ ਸਮ੍ਰਿਤੀ ਇਰਾਨੀ
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਸਾਰੇ ਭਾਰਤੀ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ।
ਨਵੀਂ ਦਿੱਲੀ - ਆਪਰੇਸ਼ਨ 'ਗੰਗਾ' ਰਾਹੀਂ ਭਾਰਤ ਸਰਕਾਰ ਯੂਕਰੇਨ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆ ਰਹੀ ਹੈ ਤੇ ਇਹ ਸਿਲਸਿਲਾ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਦੌਰਾਨ ਕਈ ਕੇਂਦਰੀ ਮੰਤਰੀ ਖੁਦ ਏਅਰਪੋਰਟ ਪਹੁੰਚ ਕੇ ਨਾਗਰਿਕਾਂ ਦਾ ਸਵਾਗਤ ਕਰ ਰਹੇ ਹਨ। ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਦੇ ਅੰਦਰ ਜਾ ਕੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਸਾਰੇ ਭਾਰਤੀ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ।
ਨਿਊਜ਼ ਏਜੰਸੀ ਏਐੱਨਆਈ ਵੱਲੋਂ ਇਕ ਵੀਡੀਓ ਪੋਸਟ ਕੀਤੀ ਗਈ ਹੈ ਜਿਸ ਵਿਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਦੇ ਅੰਦਰ ਵਿਦਿਆਰਥੀਆਂ ਦਾ ਸੁਆਗਤ ਕਰਦੀ ਨਜ਼ਰ ਆਈ। ਜਹਾਜ਼ 'ਤੇ ਮਾਈਕ ਰਾਹੀਂ, ਸਮ੍ਰਿਤੀ ਇਰਾਨੀ ਨੇ ਯੂਕਰੇਨ ਤੋਂ ਆਏ ਭਾਰਤੀਆਂ ਨਾਲ ਗੱਲ ਕੀਤੀ ਅਤੇ ਕਿਹਾ ਕਿ ਭਾਰਤੀਆਂ ਨੇ "ਸਭ ਤੋਂ ਚੁਣੌਤੀਪੂਰਨ ਸਮੇਂ" ਵਿਚ "ਮਿਸਾਲਦਾਰ ਸਾਹਸ" ਦਿਖਾਇਆ ਹੈ। ਇੰਨਾ ਹੀ ਨਹੀਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਖੇਤਰੀ ਭਾਸ਼ਾਵਾਂ ਬੋਲ ਕੇ ਉਹਨਾਂ ਸਭ ਦਾ ਸਵਾਗਤ ਕੀਤਾ। ਏਅਰਲਾਈਨਜ਼ ਦੇ ਅਮਲੇ ਦਾ ਵੀ ਧੰਨਵਾਦ ਕੀਤਾ।
ਮਾਈਕ੍ਰੋਬਲਾਗਿੰਗ ਵੈੱਬਸਾਈਟ ਕੂ 'ਤੇ ਮੰਤਰੀ ਜਨਰਲ ਵੀਕੇ ਸਿੰਘ ਨੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ। ਜਿਸ ਵਿਚ ਉਹ ਇੱਕ ਜਹਾਜ਼ ਦੇ ਅੰਦਰ ਵਿਦਿਆਰਥੀਆਂ ਨਾਲ ਗੱਲ ਕਰਦੇ ਹੋਏ ਅਤੇ “ਵੰਦੇ ਮਾਤਰਮ” ਦਾ ਨਾਅਰਾ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਜਨਰਲ ਸਿੰਘ ਉਨ੍ਹਾਂ ਚਾਰ ਕੇਂਦਰੀ ਮੰਤਰੀਆਂ ਵਿਚੋਂ ਇੱਕ ਹਨ, ਜਿਨ੍ਹਾਂ ਨੂੰ ਸਰਕਾਰ ਵੱਲੋਂ ਯੂਕਰੇਨ ਦੇ ਗੁਆਂਢੀ ਮੁਲਕਾਂ ਦੀ ਯਾਤਰਾ ਕਰਨ ਦਾ ਕੰਮ ਸੌਂਪਿਆ ਗਿਆ ਹੈ।
ਦੱਸ ਦਈਏ ਕਿ ਜਦੋਂ ਦਿੱਲੀ ਪਹੁੰਚੇ ਵਿਦਿਆਰਥੀਆਂ ਨੂੰ ਇਹ ਪੁੱਛਿਆ ਗਿਆ ਕਿ ਯੂਕਰੇਨ ਵਿਚ ਰਹਿ ਰਹੇ ਲੋਕ ਵੀ ਭਾਰਤੀ ਝੰਡਾ ਦਿਖਾ ਰਹੇ ਸਨ ਕਿਉਂਕਿ ਉਹਨਾਂ ਨੂੰ ਉਹ ਝੰਡਾ ਦੇਖ ਕੇ ਬਹੁਤ ਸਾਹਸ ਮਿਲ ਰਿਹਾ ਸੀ ਤਾਂ ਤੁਹਾਨੂੰ ਕਿੰਨਾ ਕੁ ਮਾਣ ਹੈ ਕਿ ਭਾਰਤ ਦਾ ਝੰਡਾ ਤੁਹਾਡੇ ਦੇਸ਼ ਦੇ ਝੰਡਾ ਹੈ। ਇਸ ਸਵਾਲ ਦੇ ਜਵਾਬ ਵਿਚ ਵਿਦਿਆਰਥੀ ਨੇ ਕਿਹਾ ਕਿ ਜਦੋਂ ਅਸੀਂ ਫਲਾਈਟ ਕੋਲ ਖੜ੍ਹੇ ਸੀ ਤਾਂ ਉੱਥੇ ਮੌਜੂਦ ਸੈਨਾ ਨੇ ਸਾਨੂੰ ਕਿਹਾ ਕਿ ਤੁਹਾਡੇ ਕੋਲ ਭਾਰਤ ਦਾ ਝੰਡਾ ਹੈ ਤਾਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ
ਕਿਉਂਕਿ ਰੂਸ ਤੇ ਭਾਰਤ ਵਿਚ ਸਬੰਧ ਬਿਲਕੁਲ ਠੀਕ ਹਨ ਤੇ ਜਦੋਂ ਹੀ ਸਾਡੀ ਬੱਸ ਚੱਲਣ ਲੱਗੀ ਤਾਂ ਅਸੀਂ ਦੋ ਵੱਡੇ ਭਾਰਤੀ ਝੰਡੇ ਬੱਸ ਦੇ ਅੱਗੇ ਲਗਾ ਦਿੱਤੇ ਤੇ ਉਸ ਨਾਲ ਸਭ ਨੂੰ ਹੀ ਹਿੰਮਤ ਮਿਲੀ ਤੇ ਬਾਕੀਆਂ ਨੇ ਵੀ ਦੇਖਿਆ ਕਿ ਇਹ ਸਭ ਭਾਰਤੀ ਵਿਦਿਆਰਥੀ ਹਨ ਤੇ ਇਹਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਇਕ ਬੱਚੇ ਨੇ ਕਿਹਾ ਕਿ ਉਹ ਝੰਡੇ ਉਸ ਨੇ ਖੁਦ ਝੰਡੇ ਦੇ ਰੰਗ ਦੀਆਂ ਸਪਰੇਅ ਲੈ ਕੇ ਤੇ ਇਕ ਕੱਪੜੇ 'ਤੇ ਸਪਰੇਅ ਮਾਰ ਕੇ ਖੁਦ ਬਣਾਏ ਸਨ ਤੇ ਸਾਡੀ ਉਹ ਮਿਹਨਤ ਕੰਮ ਵੀ ਆਈ।