ਰੂਸ-ਯੂਕਰੇਨ ਜੰਗ : ਮਨੀਸ਼ ਤਿਵਾੜੀ ਨੇ ਆਪਣੀ ਪਾਰਟੀ ਸਮੇਤ ਸਾਰੇ ਸਿਆਸੀ ਆਗੂਆਂ ਨੂੰ ਕੀਤਾ ਸਵਾਲ  

ਏਜੰਸੀ

ਖ਼ਬਰਾਂ, ਰਾਸ਼ਟਰੀ

'ਕਿੱਥੇ ਹੋ ਹੁਣ ਜਦੋਂ ਯੂਕਰੇਨ 'ਚ ਬੱਚਿਆਂ ਨੂੰ ਸਾਡੀ ਲੋੜ ਹੈ?’

Manish Tiwari

ਚੰਡੀਗੜ੍ਹ : ਰੂਸ ਵਲੋਂ ਯੂਕਰੇਨ 'ਤੇ ਕੀਤੇ ਜਾ ਰਹੇ ਹਮਲੇ ਕਾਰਨ ਪੰਜਾਬ ਦੇ ਵੀ ਬਹੁਤ ਸਾਰੇ ਵਿਦਿਆਰਥੀ ਯੂਕਰੇਨ ਵਿਚ ਫਸੇ ਹੋਏ ਹਨ। ਭਾਵੇਂ ਕਿ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਦੇ ਮੱਦੇਨਜ਼ਰ ਹੀ ਅੱਜ ਪੰਜਾਬ ਸਾਂਸਦਾਂ ਦਾ ਵਫਦ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੂੰ ਮਿਲਿਆ ਸੀ।

ਇਸ ਦੇ ਚਲਦੇ ਹੀ ਐਮ.ਪੀ. ਮਨੀਸ਼ ਤਿਵਾੜੀ ਨੇ ਆਪਣੀ ਸਰਕਾਰ ਸਮੇਤ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ 'ਤੇ ਨਿਸ਼ਾਨਾ ਸਾਧਿਆ ਹੈ ਅਤੇ ਉਨ੍ਹਾਂ ਨੂੰ ਸਵਾਲ ਕੀਤਾ ਹੈ ਕਿ ਇਸ ਮੁਸ਼ਕਲ ਘੜੀ ਵਿਚ ਉਹ ਦਿਖਾਈ ਕਿਉਂ ਨਹੀਂ ਦੇ ਰਹੇ? ਤਿਵਾੜੀ ਨੇ ਕਿਹਾ, ''ਪੰਜਾਬ ਕਾਂਗਰਸ ਦੇ ਮਹਾਨ ਨੇਤਾਵਾਂ ਤੋਂ ਮੈਂ ਹੈਰਾਨ ਹਾਂ। ਜਦੋਂ ਸਾਡੇ ਹਜ਼ਾਰਾਂ ਬੱਚੇ ਖ਼ਤਰੇ ਵਿੱਚ ਹਨ ਤਾਂ ਕਾਂਗਰਸ ਕਿਤੇ ਵੀ ਨਜ਼ਰ ਨਹੀਂ ਆਉਂਦੀ।

ਕੀ ਇਹ ਸਿਰਫ਼ ਪੰਜਾਬ ਦੇ ਸੰਸਦ ਮੈਂਬਰਾਂ ਦੀ ਹੀ ਜ਼ਿੰਮੇਵਾਰੀ ਹੈ? ਚਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ ਅਤੇ ਹਰੀਸ਼ ਚੌਧਰੀ ਕਿੱਥੇ ਹਨ? ਕੀ ਇਹ ਤਾਕਤ ਦਾ ਅੰਤ ਹੈ? ਅਤੇ ਬਾਕੀ ਸਿਆਸੀ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਦੀਆਂ ਚੋਣਾਂ ਇੰਨੇ ਜੋਸ਼ ਨਾਲ ਲੜੀਆਂ ਸਨ ਉਹ ਕਿੱਥੇ ਹਨ?

ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਤੁਸੀਂ ਇਸ ਵੇਲੇ ਨਜ਼ਰ ਕਿਉਂ ਨਹੀਂ ਆ ਰਹੇ? ਜੇ ਤੁਸੀਂ ਪੰਜਾਬ ਦੀ ਪਰਵਾਹ ਕਰਦੇ ਹੋ ਤਾਂ ਅੱਗੇ ਆਓ, ਉਦੋਂ ਜਦੋਂ ਸਾਡੇ ਬੱਚੇ ਸਪੱਸ਼ਟ ਰੂਪ ਵਿਚ ਖ਼ਤਰੇ ਵਿਚ ਹੋਣ।''