ਕ੍ਰਿਕੇਟ ਮੈਚ ਵੇਖਣ ਦੇ ਚੱਕਰ ’ਚ ਵਾਪਰਿਆ ਰੇਲ ਹਾਦਸਾ, ਜਾਣੋ ਆਂਧਰ ਪ੍ਰਦੇਸ਼ ’ਚ ਦੋ ਰੇਲ ਗੱਡੀਆਂ ਦੀ ਟੱਕਰ ਬਾਰੇ ਕੀ ਬੋਲੇ ਰੇਲ ਮੰਤਰੀ
ਅਜਿਹੀਆਂ ਪ੍ਰਣਾਲੀਆਂ ਸਥਾਪਤ ਕਰ ਰਹੇ ਹਾਂ ਜੋ ਇਹ ਯਕੀਨੀ ਕਰ ਸਕਦੀਆਂ ਹਨ ਕਿ ਪਾਇਲਟ ਅਤੇ ਸਹਾਇਕ ਪਾਇਲਟ ਦਾ ਧਿਆਨ ਨਾ ਭਟਕੇ : ਵੈਸ਼ਣਵ
ਨਵੀਂ ਦਿੱਲੀ: ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਕਿ 29 ਅਕਤੂਬਰ, 2023 ਨੂੰ ਆਂਧਰਾ ਪ੍ਰਦੇਸ਼ ’ਚ ਦੋ ਮੁਸਾਫ਼ਰ ਰੇਲ ਗੱਡੀਆਂ ਦੀ ਟੱਕਰ ਦੌਰਾਨ ਇਕ ਰੇਲ ਗੱਡੀ ਦੇ ਲੋਕੋ ਪਾਇਲਟ ਅਤੇ ਸਹਾਇਕ ਲੋਕੋ ਪਾਇਲਟ ਮੋਬਾਈਲ ਫੋਨ ’ਤੇ ਕ੍ਰਿਕਟ ਮੈਚ ਵੇਖ ਰਹੇ ਸਨ। ਉਨ੍ਹਾਂ ਨੇ ਇਹ ਪ੍ਰਗਟਾਵਾ ਰੇਲ ਹਾਦਸਿਆਂ ਦੇ ਕਾਰਨਾਂ ਬਾਰੇ ਦਸਦਿਆਂ ਕੀਤਾ। ਉਨ੍ਹਾਂ ਨੇ ਦਸਿਆ ਕਿ ਉਸ ਦਿਨ ਸ਼ਾਮ 7 ਵਜੇ ਆਂਧਰਾ ਪ੍ਰਦੇਸ਼ ਦੇ ਵਿਜੇਨਗਰਮ ਜ਼ਿਲ੍ਹੇ ਦੇ ਕਾਂਤਾਕਾਪੱਲੀ ’ਚ ਹਾਵੜਾ-ਚੇਨਈ ਮਾਰਗ ’ਤੇ ਰਾਏਗੜਾ ਮੁਸਾਫ਼ਰ ਰੇਲ ਗੱਡੀ ਦੇ ਪਿਛਲੇ ਹਿੱਸੇ ਨਾਲ ਟਕਰਾਉਣ ਨਾਲ 14 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖਮੀ ਹੋ ਗਏ।
ਨਵੇਂ ਸੁਰੱਖਿਆ ਉਪਾਵਾਂ ਬਾਰੇ ਗੱਲ ਕਰਦਿਆਂ ਵੈਸ਼ਣਵ ਨੇ ਆਂਧਰਾ ਰੇਲ ਹਾਦਸੇ ਦਾ ਜ਼ਿਕਰ ਕੀਤਾ ਜਿਸ ’ਤੇ ਭਾਰਤੀ ਰੇਲਵੇ ਕੰਮ ਕਰ ਰਿਹਾ ਹੈ। ਰੇਲ ਮੰਤਰੀ ਨੇ ਕਿਹਾ, ‘‘ਇਹ ਘਟਨਾ ਆਂਧਰਾ ਪ੍ਰਦੇਸ਼ ’ਚ ਵਾਪਰੀ ਜਦੋਂ ਇਕ ਕ੍ਰਿਕਟ ਮੈਚ ਕਾਰਨ ਲੋਕੋ ਪਾਇਲਟ ਅਤੇ ਸਹਿ-ਪਾਇਲਟ ਦੋਹਾਂ ਦਾ ਧਿਆਨ ਭਟਕ ਗਿਆ। ਅਸੀਂ ਹੁਣ ਅਜਿਹੀਆਂ ਪ੍ਰਣਾਲੀਆਂ ਸਥਾਪਤ ਕਰ ਰਹੇ ਹਾਂ ਜੋ ਅਜਿਹੀਆਂ ਕਿਸੇ ਵੀ ਰੁਕਾਵਟਾਂ ਦਾ ਪਤਾ ਲਗਾ ਸਕਦੀਆਂ ਹਨ ਅਤੇ ਇਹ ਯਕੀਨੀ ਕਰ ਸਕਦੀਆਂ ਹਨ ਕਿ ਪਾਇਲਟ ਅਤੇ ਸਹਾਇਕ ਪਾਇਲਟ ਰੇਲ ਗੱਡੀ ਚਲਾਉਣ ’ਤੇ ਪੂਰੀ ਤਰ੍ਹਾਂ ਧਿਆਨ ਕੇਂਦਰਿਤ ਕਰ ਸਕਣ। ਅਸੀਂ ਸੁਰੱਖਿਆ ’ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰਖਦੇ ਹਾਂ। ਅਸੀਂ ਹਰ ਘਟਨਾ ਦੇ ਮੂਲ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਹੱਲ ਲੈ ਕੇ ਆਉਂਦੇ ਹਾਂ ਤਾਂ ਜੋ ਇਹ ਦੁਬਾਰਾ ਨਾ ਵਾਪਰੇ।’’
ਰੇਲਵੇ ਸੁਰੱਖਿਆ ਕਮਿਸ਼ਨਰਾਂ (ਸੀ.ਆਰ.ਐਸ.) ਦੀ ਜਾਂਚ ਰੀਪੋਰਟ ਅਜੇ ਜਨਤਕ ਨਹੀਂ ਕੀਤੀ ਗਈ ਹੈ। ਹਾਲਾਂਕਿ, ਘਟਨਾ ਦੇ ਇਕ ਦਿਨ ਬਾਅਦ ਰੇਲਵੇ ਦੀ ਮੁਢਲੀ ਜਾਂਚ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰਾਏਗੜਾ ਮੁਸਾਫ਼ਰ ਰੇਲ ਗੱਡੀ ਦਾ ਲੋਕੋ ਪਾਇਲਟ ਅਤੇ ਸਹਾਇਕ ਲੋਕੋ ਪਾਇਲਟ ਹਾਦਸੇ ਲਈ ਜ਼ਿੰਮੇਵਾਰ ਸਨ, ਜਿਨ੍ਹਾਂ ਨੇ ਖਰਾਬ ਆਟੋਮੈਟਿਕ ਸਿਗਨਲਿੰਗ ਪ੍ਰਣਾਲੀ ਲਈ ਨਿਰਧਾਰਤ ਨਿਯਮਾਂ ਦੀ ਉਲੰਘਣਾ ਕੀਤੀ। ਇਸ ਹਾਦਸੇ ’ਚ ਚਾਲਕ ਦਲ ਦੇ ਦੋਵੇਂ ਮੈਂਬਰਾਂ ਦੀ ਮੌਤ ਹੋ ਗਈ।