ਬੈਂਗਲੁਰੂ ਕੈਫੇ ਧਮਾਕਾ: ਮਾਂ ਦੇ ਫੋਨ ਕਾਲ ਨਾਲ ਬਚਿਆ ਸਾਫਟਵੇਅਰ ਇੰਜੀਨੀਅਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਂ ਦਾ ਫੋਨ ਆਇਆ ਅਤੇ ਉਹ ਗੱਲ ਕਰਨ ਲਈ ਇਕ ਸ਼ਾਂਤ ਜਗ੍ਹਾ ’ਤੇ ਗਿਆ, ਜੋ ਧਮਾਕੇ ਵਾਲੀ ਥਾਂ ਤੋਂ ਮਹਿਜ਼ 10 ਮੀਟਰ ਦੀ ਦੂਰੀ ’ਤੇ ਸੀ

Bangalore Cafe Blast File Photo.

ਬੈਂਗਲੁਰੂ: ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ’ਚ ਘੱਟ ਤੀਬਰਤਾ ਵਾਲੇ ਧਮਾਕੇ ਦੌਰਾਨ ਇਕ 24 ਸਾਲ ਦੇ ਸਾਫਟਵੇਅਰ ਇੰਜੀਨੀਅਰ ਨੂੰ ਉਸ ਦੀ ਮਾਂ ਦੇ ਫੋਨ ਕਾਲ ਨਾਲ ਬਚਾਇਆ ਗਿਆ। ਇਸ ਘਟਨਾ ’ਚ ਮੁਲਾਜ਼ਮਾਂ ਅਤੇ ਕੁੱਝ ਗਾਹਕਾਂ ਸਮੇਤ 10 ਲੋਕ ਜ਼ਖਮੀ ਹੋ ਗਏ। ਬਿਹਾਰ ਦੇ ਪਟਨਾ ਦੇ ਰਹਿਣ ਵਾਲੇ ਕੁਮਾਰ ਅਲੰਕ੍ਰਿਤ ਨੇ ਇਸ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਨੇ ਕਾਊਂਟਰ ਤੋਂ ਅਪਣਾ ਡੋਸਾ ਚੁਕਿਆ ਅਤੇ ਅਪਣੀ ਆਮ ਜਗ੍ਹਾ (ਜਿੱਥੇ ਕੁੱਝ ਮਿੰਟਾਂ ਬਾਅਦ ਧਮਾਕਾ ਹੋਇਆ) ’ਤੇ ਬੈਠਣ ਦਾ ਫੈਸਲਾ ਕੀਤਾ। 

ਅਲੰਕ੍ਰਿਤ ਨੇ ਦਸਿਆ ਕਿ ਉਸੇ ਸਮੇਂ ਉਸ ਨੂੰ ਅਪਣੀ ਮਾਂ ਦਾ ਫੋਨ ਆਇਆ ਅਤੇ ਉਹ ਗੱਲ ਕਰਨ ਲਈ ਇਕ ਸ਼ਾਂਤ ਜਗ੍ਹਾ ’ਤੇ ਗਿਆ, ਜੋ ਧਮਾਕੇ ਵਾਲੀ ਥਾਂ ਤੋਂ ਮਹਿਜ਼ 10 ਮੀਟਰ ਦੀ ਦੂਰੀ ’ਤੇ ਸੀ। ਪੀ.ਟੀ.ਆਈ. ਦੀ ਵੀਡੀਉ ਸੇਵਾ ਨਾਲ ਗੱਲ ਕਰਦਿਆਂ ਅਲੰਕ੍ਰਿਤ ਨੇ ਦਸਿਆ ਕਿ ਕਿਵੇਂ ਉਸ ਦੀ ਮਾਂ ਦੇ ਕਾਲ ਨੇ ਉਸ ਦੀ ਜਾਨ ਬਚਾਈ। 

ਉਸ ਨੇ ਕਿਹਾ, ‘‘ਮੈਂ ਕਾਊਂਟਰ ਤੋਂ ਅਪਣਾ ਡੋਸਾ ਚੁਕਿਆ ਅਤੇ ਕੈਫੇ ਦੇ ਅੰਦਰ ਅਪਣੀ ਨਿਯਮਤ ਜਗ੍ਹਾ ’ਤੇ ਬੈਠਣ ਵਾਲਾ ਸੀ। ਜਦੋਂ ਵੀ ਮੈਂ ਕੈਫੇ ਜਾਂਦਾ ਸੀ, ਮੈਂ ਉਸੇ ਜਗ੍ਹਾ ’ਤੇ ਬੈਠਦਾ ਸੀ (ਜਿੱਥੇ ਬਾਅਦ ’ਚ ਧਮਾਕਾ ਹੋਇਆ ਸੀ)। ਇਹ ਮੇਰੀ ਮਨਪਸੰਦ ਜਗ੍ਹਾ ਸੀ। ਇਸ ਵਾਰ ਵੀ, ਮੈਂ ਉੱਥੇ ਬੈਠਣ ਦੀ ਯੋਜਨਾ ਬਣਾ ਰਿਹਾ ਸੀ, ਪਰ ਫਿਰ ਮੈਨੂੰ ਮੇਰੀ ਮਾਂ ਦਾ ਫੋਨ ਆਇਆ, ਇਸ ਲਈ ਮੈਂ ਉਸ ਨਾਲ ਗੱਲ ਕਰਨ ਲਈ ਕੈਫੇ ਦੇ ਬਾਹਰ ਕੁੱਝ ਮੀਟਰ ਦੀ ਦੂਰੀ ’ਤੇ ਇਕ ਸ਼ਾਂਤ ਜਗ੍ਹਾ ’ਤੇ ਗਿਆ।’’

ਉਸ ਨੇ ਅੱਗੇ ਕਿਹਾ, ‘‘ਉਹ (ਮੇਰੀ ਮਾਂ) ਪੁੱਛ ਰਹੀ ਸੀ ਕਿ ਮੈਂ ਕਿੱਥੇ ਹਾਂ ਅਤੇ ਅਚਾਨਕ, ਮੈਂ ਇਕ ਉੱਚੀ ਆਵਾਜ਼ ਸੁਣੀ। ਮੈਂ ਬਾਹਰ ਸੀ। ਇਹ ਇਕ ਵੱਡਾ ਧਮਾਕਾ ਸੀ। ਹਰ ਕੋਈ ਡਰਿਆ ਹੋਇਆ ਸੀ ਅਤੇ ਬਾਹਰ ਭੱਜ ਰਿਹਾ ਸੀ। ਹਰ ਪਾਸੇ ਧੂੰਆਂ ਸੀ ਅਤੇ ਬਦਬੂ ਆ ਰਹੀ ਸੀ।’’

ਉਸ ਨੇ ਕਿਹਾ, ‘‘ਇਹ ਸੱਭ ਅਚਾਨਕ ਹੋਇਆ। ਜ਼ੋਰਦਾਰ ਧਮਾਕੇ ਤੋਂ ਬਾਅਦ ਲੋਕ ਇੱਧਰ-ਉੱਧਰ ਭੱਜ ਰਹੇ ਸਨ। ਮੈਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਸੀ। ਇਹ ਭਿਆਨਕ ਅਤੇ ਹੈਰਾਨ ਕਰਨ ਵਾਲਾ ਸੀ। ਪਰ ਸ਼ੁਕਰ ਹੈ ਕਿ ਮੇਰੀ ਮਾਂ ਦੇ ਉਸ ਫੋਨ ਕਾਲ ਨੇ ਮੈਨੂੰ ਬਚਾ ਲਿਆ।’’ ਕੁਮਾਰ ਕੈਫੇ ਵਿਚ ਹੋਏ ਧਮਾਕੇ ਦੀ ਵੀਡੀਉ ਨੂੰ ‘ਐਕਸ’ ’ਤੇ ਸਾਂਝਾ ਕਰਨ ਵਾਲੇ ਪਹਿਲੇ ਲੋਕਾਂ ਵਿਚੋਂ ਇਕ ਸੀ। 

ਉਸ ਨੇ ਅਪਣੀ ਪੋਸਟ ’ਚ ਲਿਖਿਆ, ‘‘ਦੁਪਹਿਰ 1 ਵਜੇ ਮੈਂ ਰਾਮੇਸ਼ਵਰਮ ਕੈਫੇ ਬਰੂਕਫੀਲਡ ’ਚ ਦੁਪਹਿਰ ਦਾ ਖਾਣਾ ਖਾ ਰਿਹਾ ਸੀ ਅਤੇ ਕੈਫੇ ਦੇ ਅੰਦਰ ਇਕ ਵੱਡਾ ਧਮਾਕਾ ਹੋਇਆ। ਮੈਂ ਧਮਾਕੇ ਤੋਂ ਕੁੱਝ ਮੀਟਰ ਦੀ ਦੂਰੀ ’ਤੇ ਸੀ। ਮੈਂ ਸੁਰੱਖਿਅਤ ਹਾਂ। ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਪ੍ਰਮਾਤਮਾ ਉਨ੍ਹਾਂ ਨੂੰ ਜਲਦੀ ਠੀਕ ਕਰੇ।’’