Delhi News : ਭਾਰਤੀਆਂ ਨੂੰ 30 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ : ਕਾਂਤ
Delhi News : ਕੰਮ ਦੇ ਘੰਟਿਆਂ ਬਾਰੇ ਬਹਿਸ ਜਾਰੀ
Delhi News in Punjabi : ਨੀਤੀ ਆਯੋਗ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀਆਂ ਨੂੰ 2047 ਤਕ 30,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੇ ਟੀਚੇ ਨੂੰ ਹਾਸਲ ਕਰਨ ਲਈ ਸਖਤ ਮਿਹਨਤ ਕਰਨੀ ਚਾਹੀਦੀ ਹੈ। ਕੰਮ ਦੇ ਘੰਟਿਆਂ ’ਤੇ ਬਹਿਸ ’ਚ ਸ਼ਾਮਲ ਹੁੰਦੇ ਹੋਏ ਭਾਰਤ ਦੇ ਜੀ-20 ਸ਼ੇਰਪਾ ਨੇ ਕਿਹਾ ਕਿ ਜਾਪਾਨ, ਦਖਣੀ ਕੋਰੀਆ ਅਤੇ ਚੀਨ ਨੇ ਮਜ਼ਬੂਤ ਕੰਮਕਾਜ ਨੀਤੀ ਜ਼ਰੀਏ ਆਰਥਕ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਸੁਝਾਅ ਦਿਤਾ ਕਿ ਭਾਰਤ ਨੂੰ ਵਿਸ਼ਵ ਪੱਧਰੀ ਅਰਥਵਿਵਸਥਾ ਬਣਨ ਲਈ ਇਸੇ ਤਰ੍ਹਾਂ ਦੀ ਮਾਨਸਿਕਤਾ ਵਿਕਸਿਤ ਕਰਨੀ ਚਾਹੀਦੀ ਹੈ।
ਬਿਜ਼ਨਸ ਸਟੈਂਡਰਡ ਦੇ ‘ਮੰਥਨ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਕਾਂਤ ਨੇ ਕਿਹਾ, ‘‘ਮੈਂ ਸਖਤ ਮਿਹਨਤ ’ਚ ਪੱਕਾ ਵਿਸ਼ਵਾਸ ਰੱਖਦਾ ਹਾਂ। ਭਾਰਤੀਆਂ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ, ਚਾਹੇ ਉਹ ਹਫ਼ਤੇ ’ਚ 80 ਘੰਟੇ ਹੋਵੇ ਜਾਂ 90 ਘੰਟੇ। ਜੇ ਤੁਸੀਂ 4 ਹਜ਼ਾਰ ਅਰਬ ਡਾਲਰ ਤੋਂ 30 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੀ ਇੱਛਾ ਰਖਦੇ ਹੋ, ਤਾਂ ਤੁਸੀਂ ਮਨੋਰੰਜਨ ਜਾਂ ਕੁੱਝ ਫਿਲਮੀ ਸਿਤਾਰਿਆਂ ਦੇ ਵਿਚਾਰਾਂ ਦੀ ਪਾਲਣਾ ਕਰ ਕੇ ਇਸ ਨੂੰ ਪ੍ਰਾਪਤ ਨਹੀਂ ਕਰ ਸਕਦੇ।’’
ਇਸ ਸਮੇਂ ਭਾਰਤੀ ਅਰਥਵਿਵਸਥਾ ਦਾ ਆਕਾਰ ਲਗਭਗ 4,000 ਅਰਬ ਡਾਲਰ ਹੈ। ਉਨ੍ਹਾਂ ਕਿਹਾ, ‘‘ਸਖਤ ਮਿਹਨਤ ਨਾ ਕਰਨ ਬਾਰੇ ਗੱਲ ਕਰਨਾ ਫੈਸ਼ਨ ਬਣ ਗਿਆ ਹੈ। ਭਾਰਤ ਨੂੰ ਵਿਸ਼ਵ ਪੱਧਰੀ ਉੱਤਮਤਾ ਨਾਲ ਪ੍ਰਾਜੈਕਟਾਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਨ ਲਈ ਸਖਤ ਮਿਹਨਤ ਕਰਨੀ ਚਾਹੀਦੀ ਹੈ।’’
ਕਾਂਤ ਨੇ ਇਹ ਵੀ ਕਿਹਾ ਕਿ ਅਨੁਸ਼ਾਸਿਤ ਕਾਰਜ ਯੋਜਨਾ ਦੇ ਅੰਦਰ ਵਿਅਕਤੀਗਤ ਤੰਦਰੁਸਤੀ ਲਈ ਕਾਫ਼ੀ ਸਮਾਂ ਹੈ। ਉਨ੍ਹਾਂ ਕਿਹਾ ਕਿ ਭਾਰਤੀਆਂ ਨੂੰ ਸਮੇਂ ਅਤੇ ਲਾਗਤ ’ਚ ਵਾਧੇ ਤੋਂ ਬਿਨਾਂ ਵਿਸ਼ਵ ਪੱਧਰੀ ਉੱਤਮਤਾ ਨਾਲ ਪ੍ਰਾਜੈਕਟਾਂ ਨੂੰ ਪੂਰਾ ਕਰਨ ਦੀ ਕਲਾ ਸਿੱਖਣੀ ਚਾਹੀਦੀ ਹੈ।
(For more news apart from Indians should work hard to become a 30 thousand billion dollar economy: Kant News in Punjabi, stay tuned to Rozana Spokesman)