ਐਨਡੀਏ ਦੇ ਸੱਤਾ ਵਿਚ ਆਉਣ ਮਗਰੋਂ ਮਾਹੌਲ ਵਿਗੜਿਆ : ਰਾਹੁਲ
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮੋਦੀ ਸਰਕਾਰ 'ਤੇ ਵਰਦਿਆਂ ਦੋਸ਼ ਲਾਇਆ ਕਿ ਮਈ 2014 ਵਿਚ ਇਸ ਦੇ ਸੱਤਾ ਸੰਭਾਲਣ ਮਗਰੋਂ ਜੰਮੂ-ਕਸ਼ਮੀਰ ਸਮੇਤ ਕਈ ਸੂਬਿਆਂ ਦਾ
ਜਗਦਲਪੁਰ, 29 ਜੁਲਾਈ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮੋਦੀ ਸਰਕਾਰ 'ਤੇ ਵਰਦਿਆਂ ਦੋਸ਼ ਲਾਇਆ ਕਿ ਮਈ 2014 ਵਿਚ ਇਸ ਦੇ ਸੱਤਾ ਸੰਭਾਲਣ ਮਗਰੋਂ ਜੰਮੂ-ਕਸ਼ਮੀਰ ਸਮੇਤ ਕਈ ਸੂਬਿਆਂ ਦਾ ਮਾਹੌਲ ਖ਼ਰਾਬ ਹੋਣਾ ਸ਼ੁਰੂ ਹੋ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੇ ਵੱਖ ਵੱਖ ਇਲਾਕਿਆਂ ਵਿਚ ਵਿਗੜੇ ਹੋਏ ਮਾਹੌਲ ਦਾ ਲਾਭ ਸਿਰਫ਼ ਆਰਐਸਐਸ, ਚੀਨ ਅਤੇ ਪਾਕਿਸਤਾਨ ਨੂੰ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਸੱਤਾ ਵਿਚ ਆਉਣ ਪਿੱਛੋਂ ਵੱਖ-ਵੱਖ ਸੂਬਿਆਂ ਵਿਚ ਵਿਵਾਦ ਸ਼ੁਰੂ ਹੋ ਗਏ ਹਨ। ਯੂਪੀਏ ਦੇ ਰਾਜ ਵੇਲੇ ਜੰਮੂ-ਕਸ਼ਮੀਰ ਵਿਚ ਸ਼ਾਂਤੀ ਸੀ ਅਤੇ ਉਥੇ ਅਤਿਵਾਦ ਲਗਭਗ ਖ਼ਤਮ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕਾਂ ਨਾਲ ਗੱਲਬਾਤ ਕੀਤੀ। ਸਾਡੀ ਯੋਜਨਾ ਲੋਕਾਂ ਤਕ ਪਹੁੰਚ ਬਣਾਉਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਸੀ। ਉਨ੍ਹਾਂ ਕਿਹਾ ਕਿ ਯੂਪੀਏ ਨੇ ਹੀ ਪੰਚਾਇਤੀ ਰਾਜ ਚੋਣਾਂ ਕਰਵਾਈਆਂ ਸਨ। ਰਾਹੁਲ ਗਾਂਧੀ ਨੇ ਛੱਤੀਸਗਗੜ੍ਹ ਵਿਚ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਵਲੋਂ ਕਰਵਾਏ 'ਆਮਚੋ ਹਕ' (ਸਾਡੇ ਅਧਿਕਾਰ) ਪ੍ਰੋਗਰਾਮ ਵਿਚ ਕਬਾਇਲੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
ਅਮੇਠੀ ਤੋਂ ਵਿਧਾਇਕ ਰਾਹੁਲ ਗਾਂਧੀ ਨੇ ਕਿਹਾ, '2004 ਵਿਚ ਜਦ ਅਸੀਂ ਸੱਤਾ ਵਿਚ ਆਏ ਤਾਂ ਉਸ ਸਮੇਂ ਤੋਂ ਬਾਅਦ ਅਸੀਂ ਹੌਲੀ-ਹੌਲੀ ਜੰਮੂ-ਕਸ਼ਮੀਰ ਵਿਚ ਅਤਿਵਾਦ 'ਤੇ ਕਾਬੂ ਕਰ ਲਿਆ ਸੀ ਅਤੇ ਇਹ ਖ਼ਤਮ ਹੋਣ ਵਾਲਾ ਸੀ ਪਰ ਹੁਣ ਲਗਭਗ ਸਾਰੇ ਦੇਸ਼ ਵਿਚ ਹੀ ਸਥਿਤੀ ਖ਼ਰਾਬ ਹੋ ਗਈ ਹੈ।' ਰਾਹੁਲ ਗਾਂਧੀ ਨੇ ਕਿਹਾ ਕਿ ਉਤਰ ਪ੍ਰਦੇਸ਼ ਅਤੇ ਤਾਮਿਲਨਾਡੂ ਤੋਂ ਸ਼ਾਂਤੀ ਲਗਭਗ ਖ਼ਤਮ ਹੋ ਚੁੱਕੀ। ਕਸ਼ਮੀਰ ਵਿਚ ਫੈਲੀ ਹਿੰਸਾ ਨਾਲ ਜੇ ਕਿਸੇ ਨੂੰ ਫ਼ਾਇਦਾ ਹੋ ਰਿਹਾ ਹੈ ਤਾਂ ਉਹ ਹੈ ਆਰਐਸਐਸ, ਚੀਨ ਅਤੇ ਪਾਕਿਸਤਾਨ। ਕਸ਼ਮੀਰ ਵਿਚ ਫੈਲੀ ਹਿੰਸਾ ਨੂੰ ਕੌਣ ਹੁਲਾਰਾ ਦੇ ਰਿਹਾ ਹੈ, ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਾਰਿਆਂ ਨੇ ਵੇਖਿਆ ਹੈ ਕਿ ਜਦ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਕੇਂਦਰ ਵਿਚ ਸੱਤਾ ਵਿਚ ਸੀ ਤਾਂ ਜੰਮੂ-ਕਸ਼ਮੀਰ ਦੇ ਲੋਕ ਕਿੰਨੀ ਸ਼ਾਂਤੀ ਨਾਲ ਰਹਿੰਦੇ ਸਨ ਪਰ ਪੀਡੀਪੀ ਦੇ ਗਠਜੋੜ ਨਾਲ ਭਾਜਪਾ ਜਦ ਤੋਂ ਕਸ਼ਮੀਰ ਦੀ ਸੱਤਾ ਵਿਚ ਆਈ ਹੈ ਤਦ ਤੋਂ ਉਥੇ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਅਜਿਹਾ ਹੀ ਛੱਤੀਸਗੜ੍ਹ ਵਿਚ ਹੋ ਰਿਹਾ ਹੈ ਕਿਉਂਕਿ ਬਸਤਰ ਵਿਚ ਫੈਲੀ ਹਿੰਸਾ ਦਾ ਫ਼ਾਇਦਾ ਆਰਐਸਐਸ ਅਤੇ ਵਪਾਰੀ ਵਰਗ ਉਠਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਰਐਸਐਸ ਦੀ ਇੱਛਾ ਹੈ ਕਿ ਦਲਿਤ, ਆਦੀਵਾਸੀ ਅਤੇ ਪਛੜੇ ਵਰਗ ਹਮੇਸ਼ਾ ਹੀ ਕਮਜ਼ੋਰ ਬਣੇ ਰਹਿਣ ਤਾਕਿ ਉਹ ਉਨ੍ਹਾਂ 'ਤੇ ਆਸਾਨੀ ਨਾਲ ਰਾਜ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਜਿਥੇ ਵੀ ਜਾਂਦੇ ਹਨ, ਉਥੇ ਆਮ ਲੋਕਾਂ ਵਿਚ ਲੜਵਾਉਂਦੇ ਹਨ ਪਰ ਕਾਂਗਰਸ ਹਮੇਸ਼ਾ ਹੀ ਸ਼ਾਂਤੀ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਦਲਿਤਾਂ ਦੇ ਅਧਿਕਾਰਾਂ ਦੀ ਰਖਿਆ ਕਰਨਾ ਚਾਹੁੰਦੀ ਹੈ। (ਪੀ.ਟੀ.ਆਈ.)