ਕਾਂਗਰਸ ਨੇ ਗੁਜਰਾਤ ਦੇ ਅਪਣੇ 44 ਵਿਧਾਇਕ ਬੰਗਲੌਰ ਪਹੁੰਚਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਗੁਜਰਾਤ ਵਿਚ 8 ਅਗੱਸਤ ਨੂੰ ਹੋਣ ਵਾਲੀ ਰਾਜ ਸਭਾ ਚੋਣ ਤੋਂ ਪਹਿਲਾਂ ਅਪਣੇ ਵਿਧਾਇਕਾਂ ਨੂੰ ਬਗ਼ਾਵਤ ਦੀ ਚੰਗਿਆੜੀ ਤੋਂ ਦੂਰ ਰੱਖਣ ਲਈ ਪਾਰਟੀ ਦੇ 44 ਵਿਧਾਇਕਾਂ ਨੂੰ

Congress

ਅਹਿਮਦਾਬਾਦ, 29 ਜੁਲਾਈ : ਕਾਂਗਰਸ ਨੇ ਗੁਜਰਾਤ ਵਿਚ 8 ਅਗੱਸਤ ਨੂੰ ਹੋਣ ਵਾਲੀ ਰਾਜ ਸਭਾ ਚੋਣ ਤੋਂ ਪਹਿਲਾਂ ਅਪਣੇ ਵਿਧਾਇਕਾਂ ਨੂੰ ਬਗ਼ਾਵਤ ਦੀ ਚੰਗਿਆੜੀ ਤੋਂ ਦੂਰ ਰੱਖਣ ਲਈ ਪਾਰਟੀ ਦੇ 44 ਵਿਧਾਇਕਾਂ ਨੂੰ ਬੰਗਲੌਰ ਦੇ ਇਕ ਹੋਟਲ  ਵਿਚ ਪਹੁੰਚਾ ਦਿਤਾ ਹੈ।
ਪਿਛਲੇ ਦੋ ਦਿਨਾਂ ਵਿਚ ਕਾਂਗਰਸ ਦੇ ਛੇ ਵਿਧਾਇਕ ਅਸਤੀਫ਼ਾ ਦੇ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ ਤਿੰਨ ਭਾਜਪਾ 'ਚ ਸ਼ਾਮਲ ਹੋ ਗਏ। ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਗੁਜਰਾਤ ਤੋਂ ਰਾਜ ਸਭਾ ਦੀ ਚੋਣ ਲੜ ਰਹੇ ਹਨ ਅਤੇ 57 ਵਿਧਾਇਕਾਂ ਵਿਚੋਂ ਛੇ ਵਲੋਂ ਅਸਤੀਫ਼ਾ ਦੇਣ ਮਗਰੋਂ ਪਾਰਟੀ ਲਈ ਮੁਸ਼ਕਲ ਪੈਦਾ ਹੋ ਗਈ ਹੈ।
ਗੁਜਰਾਤ ਕਾਂਗਰਸ ਦੇ ਜਨਰਲ ਸਕੱਤਰ ਨਿਸ਼ਿਤ ਵਿਆਸ ਨੇ ਦਾਅਵਾ ਕੀਤਾ, ''ਇਹ ਕਦਮ ਵਿਧਾਇਕਾਂ ਦੀ ਸੁਰੱਖਿਆ ਲਈ ਉਠਾਇਆ ਗਿਆ ਹੈ ਜਿਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਸਨ ਕਿ ਜੇ ਉਹ ਖ਼ੇਮਾ ਬਦਲਣ ਲਈ ਸਹਿਮਤ ਨਾ ਹੋਏ ਤਾਂ...। ਇਸ ਲਈ ਅਸੀ ਅਪਣੇ ਵਿਧਾਇਕਾਂ ਨੂੰ ਬੰਗਲੌਰ ਲਿਜਾਣ ਦਾ ਫ਼ੈਸਲਾ ਕੀਤਾ।
ਦੂਜੇ ਪਾਸੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਕਾਂਗਰਸ ਦੇ ਦਾਅਵਿਆਂ ਨੂੰ ਖ਼ਾਰਜ ਕਰਦਿਆਂ ਕਿਹਾ, ''ਇਹ ਕਾਂਗਰਸ ਦੀ ਅੰਦਰੂਨੀ ਸਮੱਸਿਆ ਹੈ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਸ਼ੰਕਰ ਸਿੰਘ ਵਾਘੇਲਾ, ਕਾਂਗਰਸ ਦੀ ਚੀਫ਼ ਵ੍ਹਿਪ ਬਲਵੰਤ ਸਿੰਘ ਰਾਜਪੂਤ ਅਤੇ ਬੁਲਾਰਾ ਤਜੇਸ੍ਰੀਬੇਨ ਪਟੇਲ ਨੇ ਇਸ ਕਰ ਕੇ ਪਾਰਟੀ ਛੱਡੀ ਕਿਉਂਕਿ ਉਨ੍ਹਾਂ ਨੂੰ ਪ੍ਰੇਸ਼ਾਨੀ ਝੇਲਣੀ ਪਈ।ਰਾਜਕੋਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੂਪਾਨੀ ਨੇ ਕਿਹਾ, ''ਉਹ ਅਪਣੇ ਵਿਧਾਇਕਾਂ ਨੂੰ ਬੰਗਲੌਰ ਲੈ ਗਏ ਹਨ ਕਿਉਂÎਕ ਉਨ੍ਹਾਂ ਨੂੰ ਅਪਣੇ ਵਿਧਾਇਕਾਂ 'ਤੇ ਵਿਸ਼ਵਾਸ ਨਹੀਂ ਹੈ।''
ਸੂਤਰਾਂ ਨੇ ਦਸਿਆ ਕਿ ਸੱਤ ਵਿਧਾਇਕਾਂ ਨੇ ਬੰਗਲੌਰ ਨਾ ਜਾਣ ਦਾ ਫ਼ੈਸਲਾ ਕੀਤਾ ਜਿਨ੍ਹਾਂ ਵਿਚ ਸ਼ੰਕਰ ਸਿੰਘ ਵਾਘੇਲਾ ਜੋ ਪਹਿਲਾਂ ਹੀ ਪਾਰਟੀ ਛੱਡ ਚੁੱਕੇ ਹਨ, ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਮਹਿੰਦਰ ਸਿੰਘ ਵਾਘੇਲਾ ਸ਼ਾਮਲ ਹਨ। ਸੂਤਰਾਂ ਮੁਤਾਬਕ ਕਾਂਗਰਸੀ ਵਿਧਾਇਕਾਂ ਨੂੰ ਲਿਜਾਣ ਲਈ ਬੰਗਲੌਰ ਦੀ ਚੋਣ ਇਸ ਕਰ ਕੇ ਕੀਤੀ ਗਈ ਕਿਉਂਕਿ ਕਰਨਾਟਕ ਵਿਚ ਕਾਂਗਰਸ ਦੀ ਸਰਕਾਰ ਹੈ। (ਪੀਟੀਆਈ)