ਰਾਜਸਥਾਨ ਦੇ ਕਈ ਇਲਾਕਿਆਂ ਵਿਚ ਹੜ੍ਹਾਂ ਵਰਗੇ ਹਾਲਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਵਿਚ ਪੈ ਰਹੇ ਭਾਰੀ ਮੀਂਹ ਅਤੇ ਜਵਾਈ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਰਾਜਸਥਾਨ ਦੇ ਜਾਲੋਰ ਅਤੇ ਹੋਰ ਕਈ ਹਿੱਸਿਆਂ ਵਿਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ।

Flood

ਜੈਪੁਰ, 29 ਜੁਲਾਈ: ਰਾਜਸਥਾਨ ਵਿਚ ਪੈ ਰਹੇ ਭਾਰੀ ਮੀਂਹ ਅਤੇ ਜਵਾਈ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਰਾਜਸਥਾਨ ਦੇ ਜਾਲੋਰ ਅਤੇ ਹੋਰ ਕਈ ਹਿੱਸਿਆਂ ਵਿਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਜਵਾਈ ਡੈਮ ਤੋਂ ਲਗਭਗ 70 ਹਜ਼ਾਰ ਕਿਉਸਿਕ ਪਾਣੀ ਛੱਡਿਆ ਜਾ ਚੁੱਕਾ ਹੈ। ਭਾਰੀ ਮੀਂਹ ਪੈਣ ਨਾਲ ਪਾਲੀ ਅਤੇ ਸਿਰੋਹੀ ਜ਼ਿਲ੍ਹਿਆਂ ਵਿਚ ਆਮ ਲੋਕਾਂ ਦਾ ਜਨਜੀਵਨ ਕਾਫ਼ੀ ਪ੍ਰਭਾਵਤ ਹੋਇਆ ਹੈ।
ਇਥੋਂ ਦੇ ਕਈ ਪਿੰਡਾਂ ਵਿਚ ਹਾਈ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਰਾਹਤ ਅਤੇ ਬਚਾਅ ਕੰਮ ਕੀਤੇ ਜਾ ਰਹੇ ਹਨ। ਵੀਰਵਾਰ ਨੂੰ ਡੈਮ ਦੇ ਤਿੰਨ ਗੇਟ ਖੋਲ੍ਹੇ ਗਏ ਸਨ ਅਤੇ ਪਾਣੀ ਦਾ ਪੱਧਰ ਹੋਰ ਵਧਣ ਤੋਂ ਬਾਅਦ ਬੀਤੀ ਰਾਤ ਅੱਠ ਗੇਟ ਹੋਰ ਖੋਲ੍ਹ ਦਿਤੇ ਗਏ। ਪਾਲੀ ਜ਼ਿਲ੍ਹੇ ਦੇ ਐਸਡੀਐਮ ਨੇ ਕਿਹਾ ਕਿ ਪਾਣੀ ਛੱਡਣ ਲਈ ਡੈਮ ਦੇ 13 ਗੇਟਾਂ ਵਿਚੋਂ 11 ਗੇਟ ਖੋਲ੍ਹੇ ਗਏ ਸਨ ਜਿਨ੍ਹਾਂ ਵਿਚ ਸੱਤ ਨੂੰ ਬੰਦ ਕਰ ਦਿਤਾ ਗਿਆ ਹੈ ਪਰ ਚਾਰ ਹਾਲੇ ਵੀ ਖੁੱਲ੍ਹੇ ਪਏ ਹਨ।
ਮੌਜੂਦਾ ਸਮੇਂ ਵਿਚ ਇਸ ਡੈਮ ਦੇ ਪਾਣੀ ਦਾ ਪੱਧਰ 59 ਫੁੱਟ ਹੈ। ਜਾਲੋਰ ਦੇ ਕੁਲੈਕਟਰ ਐਲ.ਐਨ. ਸੋਨੀ ਨੇ ਕਿਹਾ ਕਿ ਜਾਲੋਰ ਦੇ ਕਈ ਪਿੰਡਾਂ ਵਿਚ ਹੜ੍ਹ ਆ ਗਿਆ ਹੈ ਅਤੇ ਕਈ ਸੜਕਾਂ ਪਾਣੀ ਵਿਚ ਰੁੜ੍ਹ ਗਈਆਂ ਹਨ। ਇਨ੍ਹਾਂ ਪਿੰਡਾਂ ਵਿਚ ਫ਼ੌਜ ਵਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਰਾਜਸਥਾਨ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਪਿਆ ਹੈ।
ਚਿਤੌੜਗੜ੍ਹ ਵਿਚ ਅੱਜ ਸਵੇਰ ਤਕ 129 ਐਮਐਮ ਮੀਂਹ ਰੀਕਾਰਡ ਕੀਤਾ ਗਿਆ, ਰਾਵਤਭਾਟਾ ਵਿਚ 104.9 ਐਮਐਮ ਮੀਂਹ, ਮਾਊਂਟਆਬੂ ਵਿਚ 101 ਐਮਐਮ ਮੀਂਹ, ਭੀਲਵਾੜਾ, ਅਜਮੇਰ, ਡਾਬੋਕ, ਕੋਟਾ ਅਤੇ ਬੁੰਦੀ ਵਿਚ 65.2, 54.6, 49.21 ਅਤੇ 20 ਐਮਐਮ ਮੀਂਹ ਰੀਕਾਰਡ ਕੀਤਾ ਗਿਆ ਜਦਕਿ ਰਾਜਸਥਾਨ ਦੇ ਕਈ ਹਿੱਸਿਆਂ ਵਿਚ ਇਸ ਸਮੇਂ ਦੌਰਾਨ 20 ਐਮਐਮ ਤੋਂ ਹੇਠਾਂ ਮੀਂਹ ਰੀਕਾਰਡ ਕੀਤਾ ਗਿਆ।