ਭਾਰਤੀ ਹਥਿਆਰਬੰਦ ਫ਼ੌਜਾਂ ਕਿਸੇ ਵੀ ਹੰਗਾਮੀ ਹਾਲਾਤ ਦਾ ਟਾਕਰਾ ਕਰਨ ਦੇ ਸਮਰੱਥ : ਜੇਤਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੀ ਰੀਪੋਰਟ ਵਿਚ ਫ਼ੌਜ ਕੋਲ ਗੋਲਾ-ਬਾਰੂਦ ਦੀ ਕਮੀ ਦਾ ਜ਼ਿਕਰ ਕੀਤੇ ਜਾਣ ਪਿੱਛੋਂ ਰਖਿਆ ਮੰਤਰੀ ਅਰੁਣ ਜੇਤਲੀ ਨੇ ਅੱਜ ਲੋਕ ਸਭਾ ਵਿਚ ਕਿਹਾ

Arun Jaitley

 

ਨਵੀਂ ਦਿੱਲੀ, 28 ਜੁਲਾਈ : ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੀ ਰੀਪੋਰਟ ਵਿਚ ਫ਼ੌਜ ਕੋਲ ਗੋਲਾ-ਬਾਰੂਦ ਦੀ ਕਮੀ ਦਾ ਜ਼ਿਕਰ ਕੀਤੇ ਜਾਣ ਪਿੱਛੋਂ ਰਖਿਆ ਮੰਤਰੀ ਅਰੁਣ ਜੇਤਲੀ ਨੇ ਅੱਜ ਲੋਕ ਸਭਾ ਵਿਚ ਕਿਹਾ ਕਿ ਭਾਰਤੀ ਹਥਿਆਰਬੰਦ ਫ਼ੌਜਾਂ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਤਾ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਲੈਸ ਹਨ।
ਕੈਗ ਰੀਪੋਰਟ ਵਿਚ ਕੁੱਝ ਰਖਿਆ ਅਧਿਕਾਰੀਆਂ ਬਾਰੇ ਕੀਤੀਆਂ ਗਈਆਂ ਨਕਾਰਾਤਮਕ ਟਿਪਣੀਆਂ ਅਤੇ ਸਬੰਧਤ ਅਫ਼ਸਰਾਂ ਵਿਰੁਧ ਕਾਰਵਾਈ ਬਾਰੇ ਜੇਤਲੀ ਨੇ ਕਿਹਾ, ''ਪਾਰਲੀਮਾਨੀ ਪ੍ਰਕਿਰਿਆ ਤਹਿਤ ਕੈਗ ਦੀ ਰੀਪੋਰਟ ਸੰਸਦ ਵਿਚ ਪੇਸ਼ ਕੀਤੇ ਜਾਣ ਪਿੱਛੋਂ ਲੋਕ ਲੇਖਾ ਕਮੇਟੀ (ਪੀ.ਏ.ਸੀ.) ਕੋਲ ਭੇਜੀ ਜਾਂਦੀ ਹੈ ਅਤੇ ਪੀ.ਏ.ਸੀ. ਅਪਣੀਆਂ ਟਿਪਣੀਆਂ ਸ਼ਾਮਲ ਕਰ ਕੇ ਇਸ ਨੂੰ ਸਰਕਾਰ ਕੋਲ ਭੇਜਦੀ ਹੈ। ਇਸ ਮਗਰੋਂ ਸਰਕਾਰ ਕਾਰਵਾਈ ਕਰਦੀ ਹੈ। ਜੇ ਪੀ.ਏ.ਸੀ. ਦੀਆਂ ਸਿਫ਼ਾਰਸ਼ਾਂ ਮੁਤਾਬਕ ਕਾਰਵਾਈ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਸਰਕਾਰ ਯਕੀਨੀ ਤੌਰ 'ਤੇ ਕਾਰਵਾਈ ਕਰੇਗੀ।'' ਉਨ੍ਹਾਂ ਨੇ ਲੋਕ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਕਿਹਾ, ''ਕੈਗ ਨੇ 2012-13 ਤੋਂ ਲੈ ਕੇ 2016 ਤਕ ਦੇ ਸਮੇਂ ਬਾਰੇ ਟਿਪਣੀਆਂ ਕੀਤੀਆਂ ਹਨ ਜੋ ਗੋਲਾ-ਬਾਰੂਦ ਦੀ ਉਪਲਭਧਤਾ ਬਾਰੇ ਹਨ। ਗੋਲਾ-ਬਾਰੂਦ ਦੀ ਖ਼ਰੀਦ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਕਦਮ ਉਠਾਏ ਗਏ ਹਨ ਅਤੇ ਫ਼ੌਜ ਮੁਖੀ ਨੂੰ ਵੀ ਇਸ ਬਾਰੇ ਕੁੱਝ ਅਧਿਕਾਰ ਦਿਤੇ ਗਏ ਹਨ।'' (ਪੀਟੀਆਈ)