ਭਾਰਤ ਬੰਦ ਦਾ ਅਸਰ ਦਿੱਲੀ-ਲਾਹੌਰ ਬੱਸ 'ਤੇ ਵੀ ਪਿਆ, ਅਟਾਰੀ ਵਿਖੇ ਰੋਕੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਲਿਤਾਂ ਨੇ ਸੁਪਰੀਮ ਕੋਰਟ ਦੇ ਐਸ.ਸੀ/ਐਸ. ਟੀ. ਐਕਟ ਮਾਮਲੇ ਦੇ ਵਿਰੋਧ ਭਾਰਤ ਬੰਦ ਦਾ ਸੱਦਾ ਦਿਤਾ ਸੀ। ਜਿਸ ਦੇ ਚਲਦਿਆਂ ਅੱਜ ਪੂਰਨ ਭਾਰਤ ਵਿਚ ਇਸ ਦਾ ਅਸਰ...

indo-pak

ਦਲਿਤਾਂ ਨੇ ਸੁਪਰੀਮ ਕੋਰਟ ਦੇ ਐਸ.ਸੀ/ਐਸ. ਟੀ. ਐਕਟ ਮਾਮਲੇ ਦੇ ਵਿਰੋਧ ਭਾਰਤ ਬੰਦ ਦਾ ਸੱਦਾ ਦਿਤਾ ਸੀ। ਜਿਸ ਦੇ ਚਲਦਿਆਂ ਅੱਜ ਪੂਰਨ ਭਾਰਤ ਵਿਚ ਇਸ ਦਾ ਅਸਰ ਦਿਖ ਰਿਹਾ ਹੈ। ਪੂਰੇ ਭਾਰਤ ‘ਚ ਦਲਿਤ ਭਾਈਚਾਰੇ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਕਈ ਥਾਵਾਂ ‘ਤੇ ਰੋਡ ਨੂੰ ਬਲਾਕ ਕੀਤਾ ਗਿਆ ਹੈ।

ਸੁਪਰੀਮ ਕੋਰਟ ਦੇ ਐਸ.ਸੀ/ਐਸ. ਟੀ. ਐਕਟ ਮਾਮਲੇ ਦੇ ਵਿਰੋਧ ‘ਚ ਭਾਰਤ ਬੰਦ ਦੇ ਮੱਦੇਨਜ਼ਰ ਪੰਜਾਬ ਵਿਚ ਪੀ.ਆਰ.ਟੀ.ਸੀ ਸਮੇਤ ਪੰਜਾਬ ਰੋਡਵੇਜ਼, ਪਨਬੱਸ ਇਥੋਂ ਤੱਕ ਕੇ ਪ੍ਰਾਈਵੇਟ ਟਰਾਂਸਪੋਰਟਰਾਂ ਵਲੋਂ ਬੱਸਾਂ ਨਾ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ।ਇਸ ਮੌਕੇ ਦੀ ਗੰਭੀਰਤਾ ਨੂੰ ਦੇਖਦਿਆਂ ਸਰਕਾਰ ਨੇ ਸਕੂਲ ਵੀ ਬੰਦ ਰੱਖਣ ਦਾ ਐਲਾਨ ਕੀਤਾ ਹੈ। ਸਿੱਖਿਆ ਬੋਰਡ ਨੇ ਅੱਜ ਹੋਣ ਵਾਲੇ ਇਮਤਿਹਾਨ ਵੀ ਮੁਲਤਵੀ ਕਰ ਦਿਤੇ ਹਨ।

ਦੂਸਰੇ ਪਾਸੇ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਅਤੇ ਅਣਸੁਖਾਵੀਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਵਲੋਂ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਪੁਲਿਸ ਕਰਮਚਾਰੀਆਂ ਨੇ ਜਗ੍ਹਾਂ-ਜਗ੍ਹਾਂ 'ਤੇ ਨਾਕੇ ਲਗਾਏ ਹੋਏ ਹਨ ਅਤੇ ਕੀਤੇ ਵੀ ਕੋਈ ਸ਼ਰਾਰਤ ਕਰਦਾ ਹੈ ਤਾਂ ਉਸ ਵਿਰੁਧ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਭਾਰਤ ਬੰਦ ਦੇ ਚਲਦਿਆਂ ਪਾਕਿਸਤਾਨ ਦੇ ਲਾਹੌਰ ਤੋਂ ਦਿੱਲੀ ਜਾਣ ਵਾਲੀ ਬੱਸ ਨੂੰ ਅੜਿੱਕਾ ਲਗਿਆ ਹੈ। 

ਲਾਹੌਰ ਤੋਂ ਚੱਲ ਕੇ ਆਈ ਲਾਹੌਰ-ਦਿੱਲੀ ਬੱਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਟਾਰੀ ਵਿਖੇ ਹੀ ਰੋਕ ਦਿਤਾ ਗਿਆ ਹੈ। ਇਸ ਦੌਰਾਨ ਅੰਮ੍ਰਿਤਸਰ ਵਿਖੇ ਭਾਰਤ ਬੰਦ ਸ਼ਾਂਤੀਪੂਰਵਕ ਚੱਲ ਰਿਹਾ ਹੈ। ਅੱਜ ਬੇਸ਼ੱਕ ਇਹ ਬੰਦ ਸ਼ਾਂਤੀ ਪੂਰਵਕ ਅਤੇ ਸਰਕਾਰ ਵਿਰੁਧ ਭੜਾਸ ਕਢਣ ਲਈ ਭਾਵੇਂ ਕਾਮਯਾਬ ਵੀ ਹੋ ਜਾਵੇ ਪਰ ਇਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਵਾਜਾਈ ਪ੍ਰਭਾਵਿਤ ਹੋਣ ਨਾਲ ਆਮ ਲੋਕ ਸੜਕਾਂ ‘ਤੇ ਹੀ ਫਸ ਗਏ ਹਨ। ਆਉਣ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤ ਵਿਚ ਨੋਟਬੰਦੀ ਦੌਰਾਨ ਵੀ ਦਿੱਲੀ-ਲਾਹੌਰ ਬੱਸ ਦੀ ਸੇਵਾ ਪ੍ਰਭਾਵਿਤ ਹੋਈ ਸੀ।